ਮੁੰਬਈ: ਮਾਇਆਨਗਰੀ ਮੁੰਬਈ ਵਿੱਚ ਇੱਕ ਨਿਹੰਗ ਸਿੰਘ ਨੇ ਬਾਲੀਵੁੱਡ ਸਟਾਰ ਅਜੇ ਦੇਵਗਨ ਨੂੰ ਘੇਰ ਕੇ ਕਿਸਾਨਾਂ ਲਈ ਕੁਝ ਨਾ ਬੋਲਣ ਕਰਕੇ ਆਪਣੀ ਭੜਾਸ ਕੱਢੀ। ਨਿਹੰਗ ਨੇ ਗੋਰੇਗਾਓਂ 'ਚ ਅਜੇ ਦੇਵਗਨ ਦੀ ਕਾਰ ਰੋਕ ਖੂਬ ਖਰੀਆਂ-ਖਰੀਆਂ ਸੁਣਾਈਆਂ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।


ਵੀਡੀਓ 'ਚ ਨਿਹੰਗ ਸਿੰਘ ਅਜੇ ਦੇਵਗਨ ਨੂੰ ਵਾਰ-ਵਾਰ ਗੱਲ ਆਖ ਰਿਹਾ ਹੈ, "ਤੁਸੀਂ ਕਿਸਾਨਾਂ ਲਈ ਇੱਕ ਵਾਰ ਵੀ ਅੱਗੇ ਨਹੀਂ ਆਏ, ਇਸ ਲਈ ਤੁਹਾਨੂੰ ਸ਼ਰਮ ਆਉਂਦੀ ਚਾਹੀਦੀ ਹੈ।" ਜਿਸ ਸਮੇਂ ਅਜੇ ਦੇਵਗਨ ਦੀ ਕਾਰ ਨੂੰ ਰੋਕਿਆ ਗਿਆ ਉਦੋਂ ਉਹ ਫ਼ਿਲਮ ਸਿਟੀ ਵੱਲ ਜਾ ਰਹੇ ਸੀ। ਉਨ੍ਹਾਂ ਦੇ ਸਟਾਫ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ, ਜਿਸ ਮਗਰੋਂ ਪੁਲਿਸ ਨੇ ਮੌਕੇ 'ਤੇ ਪਹੁੰਚ ਬਾਲੀਵੁੱਡ ਅਦਾਕਾਰ ਨੂੰ ਬਾਹਰ ਕੱਢਿਆ। 


ਜ਼ਿਕਰਯੋਗ ਹੈ ਕਿ ਕਿਸਾਨਾਂ ਨੂੰ ਦਿੱਲੀ ਦੀਆਂ ਹੱਦਾਂ 'ਤੇ ਤਿੰਨ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਕਿਸਾਨ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਨਵੇਂ ਤਿੰਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ ਉਨ੍ਹਾਂ ਨੂੰ ਵੱਡੀ ਗਿਣਤੀ ਵਿੱਚ ਸਮਰਥਨ ਵੀ ਮਿਲ ਰਿਹਾ ਹੈ, ਜਿਸ ਵਿੱਚ ਬਹੁਤ ਸਾਰੇ ਪੰਜਾਬੀ ਕਲਾਕਾਰ ਸ਼ਾਮਿਲ ਹਨ ਜਦਕਿ ਬਾਲੀਵੁੱਡ ਨੇ ਚੁੱਪ ਧਾਰੀ ਹੋਈ ਹੈ। ਪਰ ਜਦ ਪੌਪ ਸਟਾਰ ਰਿਹਾਨਾ ਤੇ ਹੋਰਨਾਂ ਨੇ ਕਿਸਾਨਾਂ ਦੇੇ ਹੱਕ ਵਿੱਚ ਟਵੀਟ ਕੀਤੇ ਤਾਂ ਬਾਲੀਵੁੱਡ ਸਮੇਤ ਦੇਸ਼ ਦੀਆਂ ਕਈ ਵੱਡੀਆਂ ਹਸਤੀਆਂ ਨੇ ਉਨ੍ਹਾਂ ਦੀ ਖ਼ਿਲਾਫ਼ਤ ਕੀਤੀ, ਜਿਨ੍ਹਾਂ ਵਿੱਚ ਅਜੇ ਦੇਵਗਨ ਵੀ ਸ਼ਾਮਲ ਸਨ।