ਆਮਿਰ ਦੇ ਦੁਨੀਆ ਦੇ ਸਭ ਤੋਂ ਵੱਡੇ ਸੁਪਰਸਟਾਰ ਬਣਨ ਦਾ ਰਾਜ਼..!
ਏਬੀਪੀ ਸਾਂਝਾ | 14 Mar 2018 01:43 PM (IST)
ਨਵੀਂ ਦਿੱਲੀ: ਪਿਛਲੇ ਕੁਝ ਸਾਲਾਂ ਤੋਂ ਆਮਿਰ ਖ਼ਾਨ ਨੇ ਸਾਬਤ ਕਰ ਦਿੱਤਾ ਹੈ ਕਿ ਸਿਰਫ਼ ਭਾਰਤ ਵਿੱਚ ਹੀ ਨਹੀਂ ਬਲਕਿ ਪੂਰੇ ਵਿਸ਼ਵ ਵਿੱਚ ਉਨ੍ਹਾਂ ਦਾ ਬੋਲਬਾਲਾ ਹੈ। ਇਸ ਲਈ ਭਾਰਤ ਦੇ ਨਾਲ-ਨਾਲ ਚੀਨ ਵਿੱਚ ਵੀ ਆਮਿਰ ਦੇ ਅਣਗਿਣਤ ਪ੍ਰਸ਼ੰਸਕ ਹਨ। ਚੀਨ ਵਿੱਚ 1.4 ਅਰਬ ਤੇ ਭਾਰਤ ਵਿੱਚ 1.25 ਅਰਬ ਆਬਾਦੀ ਨਾਲ ਆਮਿਰ ਦੁਨੀਆ ਦੇ ਸਭ ਤੋਂ ਵੱਡੇ ਸੁਪਰਸਟਾਰ ਬਣ ਗਏ ਹਨ। ਆਮਿਰ ਦੀਆਂ ਪਿਛਲੀਆਂ ਤਿੰਨ ਫ਼ਿਲਮਾਂ 'ਪੀਕੇ' (2014) 'ਦੰਗਲ' (2016) ਤੇ 'ਸੀਕ੍ਰੇਟ ਸੁਪਰਸਟਾਰ' (2017) ਦੁਨੀਆ ਭਰ ਵਿੱਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਸਿਖਰਲੀਆਂ ਪੰਜ ਫ਼ਿਲਮਾਂ ਵਿੱਚ ਸ਼ਾਮਲ ਹਨ। 'ਦੰਗਲ' ਨੇ 1908 ਕਰੋੜ ਤੇ 'ਸੀਕ੍ਰੇਟ ਸੁਪਰਸਟਾਰ' ਨੇ 874 ਕਰੋੜ ਰੁਪਏ ਦੀ ਕਮਾਈ ਦੇ ਨਾਲ ਦੋਵੇਂ ਫ਼ਿਲਮਾਂ ਨੇ ਚੀਨ ਦੇ ਬਾਕਸ ਆਫਿਸ 'ਤੇ ਵੀ ਧੂੜਾਂ ਪੱਟ ਦਿੱਤੀਆਂ ਸਨ। ਗੁਆਂਢੀ ਮੁਲਕ ਵਿੱਚ ਭਾਰਤੀ ਅਦਾਕਾਰ ਦੀ ਪਹਿਲੀ ਫ਼ਿਲਮ 831 ਕਰੋੜ ਰੁਪਏ ਦੇ ਨਾਲ ਆਪਣੀ ਸ਼ਾਨਦਾਰ ਓਪਨਿੰਗ ਦਰਜ ਕਰਨ ਵਿੱਚ ਕਾਮਯਾਬ ਰਹੀ। ਚੀਨ ਵਿੱਚ ਆਮਿਰ ਖ਼ਾਨ ਵਿਦੇਸ਼ੀ ਅਦਾਕਾਰ ਦੇ ਰੂਪ ਵਿੱਚ ਸਭ ਤੋਂ ਜ਼ਿਆਦਾ ਦੇਖੇ ਗਏ ਹਨ। ਇਹ ਤੱਥ ਗੁਆਂਢੀ ਮੁਲਕ ਵਿੱਚ ਉਨ੍ਹਾਂ ਦਾ ਸਟਾਰਡਮ ਸਾਬਤ ਕਰਨ ਲਈ ਕਾਫੀ ਹੈ। ਗੁਆਂਢੀ ਦੇਸ਼ ਤੋਂ ਮਿਲੇ ਜ਼ਬਰਦਸਤ ਪਿਆਰ ਬਾਰੇ ਬੋਲਦਿਆਂ ਆਮਿਰ ਨੇ ਕਿਹਾ ਕਿ ਚੀਨ ਵਿੱਚ ਮੇਰੀ ਬੱਲੇ-ਬੱਲੇ ਸਿਰਫ਼ ਇੱਕ ਹਾਦਸਾ ਹੈ। ਕਈ ਲੋਕ ਇਹ ਨਹੀਂ ਜਾਣਦੇ ਕਿ ਚੀਨ ਵਿੱਚ ਉਨ੍ਹਾਂ ਦੀ ਫ਼ਿਲਮ 'ਥ੍ਰੀ ਇਡੀਅਟਸ' ਪਾਇਰੇਸੀ ਰਾਹੀਂ ਰਿਲੀਜ਼ ਹੋਈ ਸੀ। ਆਮਿਰ ਨੇ ਕਿਹਾ ਕਿ 'ਪੀਕੇ' ਤੇ ਫਿਰ ਟੈਲੀਵਿਜ਼ਨ ਸ਼ੋਅ 'ਸਤਿਆਮੇਵ ਜਯਤੇ' ਨਾਲ ਉਨ੍ਹਾਂ ਮੇਰੇ ਕੰਮ ਦੀ ਨਕਲ ਕਰਨੀ ਸ਼ੁਰੂ ਕਰ ਦਿੱਤੀ ਹੈ। ਆਮਿਰ ਨੇ ਦੱਸਿਆ ਕਿ ਜਦ ਤਕ ਚੀਨ ਵਿੱਚ ਦੰਗਲ ਰਿਲੀਜ਼ ਹੋਈ, ਉੱਥੋਂ ਦੀ ਜਨਤਾ ਮੈਨੂੰ ਤੇ ਮੇਰੇ ਕੰਮ ਬਾਰੇ ਜਾਣਦੀ ਸੀ। ਇਸ ਤੋਂ ਇਲਾਵਾ ਚੀਨ ਵਿੱਚ ਫ਼ਿਲਮ ਦੇ ਸ਼ਾਨਦਾਰ ਬਿਜ਼ਨੈਸ ਦਾ ਕਾਰਨ ਵੱਡੀ ਗਿਣਤੀ ਵਿੱਚ ਸਕ੍ਰੀਨਾਂ 'ਤੇ ਰਿਲੀਜ਼ ਹੋਣਾ ਹੈ। ਭਾਰਤ ਵਿੱਚ ਜਿੱਥੇ 5,000 ਸਿਨੇਮਾ ਹਨ ਉੱਥੇ ਚੀਨ ਵਿੱਚ ਥੀਏਟਰਜ਼ ਦੀ ਗਿਣਤੀ 45,000 ਹੈ। ਉਨ੍ਹਾਂ ਅੱਗੇ ਕਿਹਾ ਕਿ ਹਾਲਾਂਕਿ 'ਸੀਕ੍ਰੇਟ ਸੁਪਰਸਟਾਰ' ਵਿੱਚ ਉਹ ਮਹਿਮਾਨ ਕਿਰਦਾਰ ਨਿਭਾਅ ਰਹੇ ਹਨ ਪਰ ਫਿਰ ਵੀ ਇਸ ਨੂੰ ਚੀਨ ਵਿੱਚ 11,000 ਸਕ੍ਰੀਨਾਂ 'ਤੇ ਰਿਲੀਜ਼ ਕੀਤਾ ਗਿਆ ਸੀ। ਆਮਿਰ ਖ਼ਾਨ ਮਨੋਰੰਜਨ ਦੇ ਧਾਗੇ ਦੀ ਮਦਦ ਨਾਲ ਭਾਰਤ ਤੇ ਚੀਨ ਨੂੰ ਹੋਰ ਨੇੜੇ ਲਿਆ ਰਹੇ ਹਨ। ਪਿਛਲੇ ਕੁਝ ਸਾਲਾਂ ਵਿੱਚ ਆਮਿਰ ਖ਼ਾਨ ਇੱਕਲੌਤੇ ਅਜਿਹੇ ਅਦਾਕਾਰ ਹਨ, ਜਿਨ੍ਹਾਂ ਦੀਆਂ ਫ਼ਿਲਮਾਂ ਨੂੰ ਚੀਨ ਵਿੱਚ ਜ਼ਬਰਦਸਤ ਪਿਆਰ ਤੇ ਪ੍ਰਸ਼ੰਸਾ ਮਿਲੀ ਹੈ। ਦੁਨੀਆ ਦੇ ਦੋ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ਾਂ ਦੇ ਪਿਆਰ ਤੇ ਪ੍ਰਸ਼ੰਸਾ ਨਾਲ ਦੁਨੀਆ ਦੀ ਲਗਪਗ ਅੱਧੀ ਆਬਾਦੀ ਆਮਿਰ ਖ਼ਾਨ ਦਾ ਨਾਂ ਜਾਣਦੀ ਹੈ ਜੋ ਉਨ੍ਹਾਂ ਨੂੰ ਦੁਨੀਆ ਦੇ ਸਭ ਤੋਂ ਵੱਡੇ ਸੁਪਰਸਟਾਰ ਬਣਾਉਣ ਲਈ ਕਾਫੀ ਹੈ।