ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਨੇ ਸੋਸ਼ਲ ਮੀਡੀਆ ਜ਼ਰੀਏ ਦੱਸਿਆ ਕਿ ਉਨ੍ਹਾਂ ਖ਼ਿਲਾਫ ਝੂਠੀਆਂ ਖ਼ਬਰਾਂ ਫੈਲਾਈਆਂ ਜਾ ਰਹੀਆਂ ਹਨ। ਆਮਿਰ ਖ਼ਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ।


ਆਮਿਰ ਨੇ ਲਿਖਿਆ 'ਮੈਂ ਆਟੇ ਦੇ ਬੈਗ 'ਚ ਪੈਸੇ ਭਰ ਕੇ ਭੇਜਣ ਵਾਲਾ ਸ਼ਖ਼ਸ ਨਹੀਂ ਹਾਂ। ਜਾਂ ਤਾਂ ਇਹ ਖ਼ਬਰਾਂ ਝੂਠ ਹਨ ਜਾਂ ਫਿਰ ਰੌਬਿਨਹੁੱਡ ਆਪਣੇ ਨਾਂ ਦਾ ਖ਼ੁਲਾਸਾ ਨਹੀਂ ਕਰਨਾ ਚਾਹੁੰਦੇ। ਤੁਸੀਂ ਲੋਕ ਆਪਣਾ ਖਿਆਲ ਰੱਖੋ, ਲਵ ਯੂ।'


ਦਰਅਸਲ, ਬੀਤੇ ਦਿਨੀਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ ਕਿ ਆਮਿਰ ਖ਼ਾਨ ਨੇ ਦਿੱਲੀ 'ਚ ਆਟੇ ਨਾਲ ਭਰੇ ਕੁਝ ਪੈਕੇਟ ਭੇਜੇ ਹਨ ਜਿਨ੍ਹਾਂ 'ਚ 15-15 ਹਜ਼ਾਰ ਰੁਪਏ ਲੁਕੋ ਕੇ ਭੇਜੇ ਹਨ। ਇਹ ਮਾਮਲਾ 23 ਅਪ੍ਰੈਲ ਦਾ ਦੱਸਿਆ ਜਾ ਰਿਹਾ ਸੀ। ਇਸ ਦੌਰਾਨ ਦੀਆਂ ਕੁਝ ਤਸਵੀਰਾਂ ਵੀ ਵਾਇਰਲ ਕੀਤੀਆਂ ਜਾ ਰਹੀਆਂ ਸਨ। ਅਜਿਹੇ 'ਚ ਆਮਿਰ ਖ਼ਾਨ ਨੇ ਖੁਦ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਹੈ।

ਆਮਿਰ ਖਾਨ ਕੋਰੋਨਾ ਵਾਰੀਅਰਸ ਲਈ ਲਗਾਤਾਰ ਮਦਦ ਦਾ ਹੱਥ ਵਧਾ ਰਹੇ ਹਨ। ਹਾਲਾਂਕਿ ਉਹ ਇਸ ਗੱਲ ਦਾ ਖ਼ੁਲਾਸਾ ਨਹੀਂ ਕਰਨਾ ਚਾਹੁੰਦੇ ਕਿ ਉਨ੍ਹਾਂ ਪੀਐਮ ਰਿਲੀਫ਼ ਫੰਡ ਜਾਂ ਹੋਰ ਸੰਸਥਾਵਾਂ ਦੀ ਮਦਦ ਲਈ ਕਿੰਨੀ ਮਦਦ ਰਾਸ਼ੀ ਭੇਜੀ ਹੈ। ਉਨ੍ਹਾਂ ਦਾ ਮੰਨਣਾ ਕਿ ਇਹ ਬੇਹੱਦ ਨਿੱਜੀ ਚੀਜ਼ ਹੈ ਕਿਸ ਨੇ ਕਿਸ ਦੀ ਕਿੰਨੀ ਮਦਦ ਕੀਤੀ।