ਆਸ਼ਾ ਭੋਸਲੇ ਨੂੰ ਯਸ਼ ਚੋਪੜਾ ਯਾਦਗਾਰੀ ਪੁਰਸਕਾਰ
ਏਬੀਪੀ ਸਾਂਝਾ | 29 Jan 2018 10:38 AM (IST)
ਮੁੰਬਈ: ਪ੍ਰਸਿੱਧ ਗਾਇਕਾ ਆਸ਼ਾ ਭੋਸਲੇ ਨੂੰ ਯਸ਼ ਚੋਪੜਾ ਯਾਦਗਾਰੀ ਪੁਰਸਕਾਰ ਦਿੱਤਾ ਜਾਵੇਗਾ। ਸੱਤ ਦਹਾਕਿਆਂ ਦੇ ਆਪਣੇ ਸੰਗੀਤ ਦੇ ਸਫ਼ਰ ਦੌਰਾਨ 84 ਵਰ੍ਹਿਆਂ ਦੀ ਆਸ਼ਾ ਭੋਸਲੇ ਦੇ 20 ਵੱਖ-ਵੱਖ ਭਾਸ਼ਾਵਾਂ ਵਿੱਚ 11 ਹਜ਼ਾਰ ਤੋਂ ਵੱਧ ਗੀਤ ਰਿਕਾਰਡ ਹੋਏ ਹਨ। ਇਸ ਪੁਰਸਕਾਰ ਦੇ ਜਿਊਰੀ ਮੈਂਬਰਾਂ, ਜਿਨ੍ਹਾਂ ਵਿੱਚ ਯਸ਼ ਚੋਪੜਾ ਦੀ ਪਤਨੀ ਪਾਮੇਲਾ ਚੋਪੜਾ, ਫਿਲਮਸਾਜ਼ ਬੋਨੀ ਕਪੂਰ, ਮਧੁਰ ਭੰਡਾਰਕਰ, ਗਾਇਕਾ ਅਲਕਾ ਯਾਗਨਿਕ, ਅਭਿਨੇਤਰੀ ਪਦਮਿਨੀ ਕੋਹਲਾਪੁਰੀ, ਹਨੀ ਇਰਾਨੀ, ਅਨੁ ਅਤੇ ਸ਼ਸ਼ੀ ਰੰਜਨ ਸ਼ਾਮਲ ਹਨ, ਵੱਲੋਂ ਬੀਤੀ ਸ਼ਾਮ ਇੱਥੇ ਇਹ ਐਲਾਨ ਕੀਤਾ ਗਿਆ। ਆਸ਼ਾ ਭੋਸਲੇ ਨੂੰ ਇਹ ਪੁਰਸਕਾਰ 16 ਫਰਵਰੀ ਨੂੰ ਮਹਾਰਾਸ਼ਟਰ ਦੇ ਰਾਜਪਾਲ ਵਿਦਿਆਸਾਗਰ ਰਾਓ ਵੱਲੋਂ ਭੇਟ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਇਹ ਪੁਰਸਕਾਰ ਗਾਇਕਾ ਲਤਾ ਮੰਗੇਸ਼ਕਰ, ਅਭਿਨੇਤਾ ਅਮਿਤਾਬ ਬੱਚਨ, ਰੇਖਾ ਅਤੇ ਸ਼ਾਹਰੁਖ਼ ਖਾਨ ਨੂੰ ਦਿੱਤਾ ਜਾ ਚੁੱਕਿਆ ਹੈ। ਇਸ ਪੁਰਸਕਾਰ ਵਿੱਚ 10 ਲੱਖ ਰੁਪਏ ਨਗਦੀ ਵੀ ਸ਼ਾਮਲ ਹੈ।