ਜੈਪੁਰ: ਉਘੀ ਫਿਲਮ ਅਦਾਕਾਰਾ ਤੇ ਨਿਰਮਾਤਾ ਨੰਦਿਤਾ ਦਾਸ ਨੇ ਕਿਹਾ ਹੈ ਕਿ ਸੈਂਸਰ ਬੋਰਡ ਵੱਲੋਂ ਫਿਲਮਾਂ ’ਤੇ ਰੋਕ ਲਾਉਣਾ ਗਲਤ ਹੈ। ਕੁਝ ਮੁੱਠੀ ਭਰ ਲੋਕ ਇਹ ਫੈਸਲਾ ਨਹੀਂ ਕਰ ਸਕਦੇ ਕਿ ਪੂਰਾ ਮੁਲਕ ਕੀ ਦੇਖਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਸੱਭਿਆਚਾਰ ਦੇ ਆਪੂੰ ਬਣੇ ਕੁਝ ਰਾਖਿਆਂ ਵੱਲੋਂ ਲੋਕਾਂ ਨੂੰ ਸਹੀ ਤੇ ਗਲਤ ਦਾ ਪਾਠ ਪੜ੍ਹਾਉਣਾ ‘ਖਤਰਨਾਕ’ ਹੈ।


ਨੰਦਿਤਾ ਦਾਸ ਜੈਪੁਰ ਸਾਹਿਤ ਮੇਲੇ ਦੌਰਾਨ ਸੰਬੋਧਨ ਕਰ ਰਹੇ ਸੀ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਸੈਂਸਰਸ਼ਿਪ ਦੇ ਵੱਡੇ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਜੇ ਕਲਾ ਨੂੰ ਦਿਖਾਉਣਾ ਹੈ ਤਾਂ ਆਜ਼ਾਦੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੈਂਸਰ ਬੋਰਡ ਦਾ ਵਿਚਾਰ ਤੇ ਫਿਲਮਾਂ ’ਤੇ ਰੋਕ ਲਾਉਣਾ ਪੂਰੀ ਤਰ੍ਹਾਂ ਨੁਕਸਦਾਰ ਹੈ।

ਉਨ੍ਹਾਂ ਸਵਾਲ ਕੀਤਾ ਕਿ ਕਿਵੇਂ ਮੁੱਠੀ ਭਰ ਲੋਕ ਇਹ ਫੈਸਲਾ ਕਰ ਸਕਦੇ ਹਨ ਕਿ ਦੇਸ਼ ਦੇ ਲੋਕ ਕੀ ਦੇਖਣਾ ਚਾਹੁੰਦੇ ਹਨ ? ਉਨ੍ਹਾਂ ਕਿਹਾ ਕਿ ਅਸਲ ਵਿੱਚ ਇਹ ਲੋਕ ਦਰਸ਼ਕਾਂ ਨੂੰ ਕਮਜ਼ੋਰ ਸਮਝ ਰਹੇ ਹਨ। ਉਨ੍ਹਾਂ ਕਿਹਾ,‘‘ਜੇ ਅਸੀਂ ਆਪਣੀ ਆਜ਼ਾਦੀ ਨਹੀਂ ਲੜਾਂਗੇ, ਤਾਂ ਕੌਣ ਲੜੇਗਾ?’’ ਉਨ੍ਹਾਂ ਇਸ ਮੌਕੇ ਆਪਣੀ ਫਿਲਮ ‘ਮੰਟੋ’ ਦੀ ਵੀ ਗੱਲ ਕੀਤੀ।