ਬਾਲੀਵੁੱਡ ਦੇ ਸ਼ਹਿਨਸ਼ਾਹ ਅੱਜ 74 ਸਾਲਾਂ ਦੇ ਹੋ ਗਏ ਹਨ। ਇਸ ਮੌਕੇ ਅਮਿਤਾਭ ਬੱਚਨ ਹਰ ਸਾਲ ਵਾਂਗ ਇਸ ਸਾਲ ਵੀ ਮੀਡੀਆ ਦੇ ਰੂਬਰੂ ਹੋਏ। ਉਹਨਾਂ ਨੇ ਸਭ ਨੂੰ ਸ਼ੁੱਭ ਕਾਮਨਾਵਾਂ ਲਈ ਧੰਨਵਾਦ ਕੀਤਾ ਅਤੇ ਨਾਲ ਹੀ ਕੁਝ ਅਹਿਮ ਗੱਲਾਂ ਵੀ ਕੀਤੀਆਂ। ਸਭ ਤੋਂ ਪਹਿਲਾਂ ਬਿੱਗ ਬੀ ਨੇ ਕਿਹਾ ਕਿ ਇਹ ਸਮਾਂ ਫੌਜੀਆਂ ਨਾਲ ਖਡ਼੍ਹੇ ਹੋਣ ਦਾ ਹੈ ਨਾ ਕਿ ਇਸ 'ਤੇ ਵਿਚਾਰਨ ਦਾ ਕਿ ਪਾਕਿਸਤਾਨੀ ਅਦਾਕਾਰ ਇੱਥੇ ਕੰਮ ਕਰਨ ਜਾਂ ਨਹੀਂ। ਦੂਜੀ ਗੱਲ ਬਿੱਗ ਬੀ ਨੇ ਆਪਣੀ ਹਿੱਟ ਫਿਲਮ 'ਪਿੰਕ' ਨੂੰ ਲੈ ਕੇ ਕਹੀ। ਉਹਨਾਂ ਕਿਹਾ ਕਿ ਕਿਰਦਾਰ ਵੇਖਣ ਤੋਂ ਬਾਅਦ ਉਹਨਾਂ ਨੇ ਫਿਲਮ ਪਸੰਦ ਕੀਤੀ ਸੀ, ਨਾ ਕਿ ਸਮਾਜ ਬਦਲਣ ਲਈ। ਪਰ ਜੇਕਰ ਅਜਿਹਾ ਹੋ ਰਿਹਾ ਹੈ, ਤਾਂ ਵਧੀਆ ਗੱਲ ਹੈ। ਬਿੱਗ ਬੀ ਆਮਿਰ ਨਾਲ ਫਿਲਮ 'ਠੱਗ' ਕਰਨ ਬਾਰੇ ਵੀ ਬੋਲੇ। ਉਹਨਾਂ ਕਿਹਾ, 'ਆਮਿਰ ਇੱਕ ਬਿਹਤਰੀਨ ਅਦਾਕਾਰ ਹੈ ਅਤੇ ਕਾਫੀ ਲੰਮੇ ਸਮੇਂ ਤੋਂ ਬਾਲੀਵੁੱਡ 'ਤੇ ਰਾਜ ਕਰ ਰਿਹਾ ਹੈ।' ਬਿੱਗ ਬੀ ਨੂੰ ਕੰਮ ਕਰਦਿਆਂ ਇੰਨੇ ਸਾਲ ਹੋ ਗਏ, ਪਰ ਹਾਲੇ ਵੀ ਉਹ ਪਰਦੇ 'ਤੇ ਦਿਲਚਸਪ ਕਿਰਦਾਰਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ।