ਮੁੰਬਈ: ਰਾਣਾ ਰਣਬੀਰ ਦਾ ਜਨਮ 9 ਅਪ੍ਰੈਲ, 1970 ਨੂੰ ਧੂਰੀ ਪੰਜਾਬ 'ਚ ਹੋਇਆ। ਰਣਬੀਰ ਨੇ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ। ਰਾਣਾ ਰਣਬੀਰ ਨੇ ਨਾਟਕ 'ਲੋਹਾ ਕੁੱਟ', 'ਮਿਰਜ਼ਾ ਸਾਹਿਬਾ' 'ਚ ਵੀ ਕੰਮ ਕੀਤਾ ਹੈ। ਰਣਬੀਰ ਨੇ ਐਕਟਿੰਗ ਦੇ ਤੌਰ 'ਤੇ ਆਪਣੇ ਕਰੀਅਰ ਦੀ ਸ਼ੁਰੂਆਤ ਗੁਰਬੀਰ ਸਿੰਘ ਗਰੇਵਾਲ ਨਾਲ ਸਾਲ 1998 'ਚ ‘ਪਰਛਾਵਾ’ ਤੇ ‘ਚਿੱਟਾ ਲੋਹਾ’ ਟੈਲੀਵਿਜ਼ਨ ਪ੍ਰੋਡਕਸ਼ਨ ਨਾਲ ਕੀਤੀ।   ਸਾਲ 2000 'ਚ ਜ਼ੀ ਪੰਜਾਬੀ ਚੈਨਲ ਦੇ ਰੋਡ ਸ਼ੋਅ 'ਐਕਸਕਿਊਜ਼ ਮੀ ਪਲੀਜ਼' ਤੇ 'ਜੁਗਨੂ ਮਸਤ-ਮਸਤ', 'ਚ ਐਂਕਰ ਵਜੋਂ ਕੰਮ ਕੀਤਾ। ਰਣਬੀਰ ਨੇ ਫਿਲਮ 'ਰੰਗੀਲਾ' 'ਚ ਬੋਲੀਆਂ ਦੇ ਗੀਤ ਵੀ ਲਿਖੇ। ਇਸ ਤੋਂ ਇਲਾਵਾ ਰਣਬੀਰ ਪੰਜਾਬੀ ਫਿਲਮ 'ਅੱਜ ਦੇ ਰਾਂਝੇ' ਦੇ ਡਾਇਲਾਗਜ਼ ਵੀ ਲਿਖ ਚੁੱਕੇ ਹਨ। ਰਣਬੀਰ ਨੇ ਹੁਣ ਤੱਕ ਪਾਲੀਵੁੱਡ ਦੇ ਕਈ ਮਸ਼ਹੂਰ ਗਾਇਕ ਤੇ ਅਦਾਕਾਰ ਨਾਲ ਕੰਮ ਕੀਤਾ ਹੈ। ਰਾਣਾ ਰਣਬੀਰ ਨੇ ਆਪਣੀ ਐਕਟਿੰਗ ਨਾਲ ਲੋਕਾਂ ਤੋਂ ਇਲਾਵਾ ਦਿਲਜੀਨ-ਅਮਰਿੰਦਰ ਵਰਗੇ ਵੱਡੇ ਕਲਾਕਾਰਾਂ ਨੂੰ ਵੀ ਪ੍ਰਭਾਵਿਤ ਕੀਤਾ। ਰਣਬੀਰ ਦੀਆਂ ਪੰਜਾਬੀ ਫਿਲਮਾਂ 'ਚ 'ਫੇਰ ਮਾਮਲਾ ਗੜਬੜ-ਗੜਬੜ', 'ਓਏ ਹੋਏ ਪਿਆਰ ਹੋ ਗਿਆ', 'ਕੈਰੀ ਆਨ ਜੱਟਾ', 'ਰੰਗੀਲੇ', 'ਜੱਟ ਐਂਡ ਜੂਲੀਅਟ', 'ਲੱਕੀ ਦੀ ਅਣਲੱਕੀ ਸਟੋਰੀ', 'ਅੱਜ ਦੇ ਰਾਂਝੇ', 'ਟੌਰ ਮੁਟਿਆਰ ਦੀ', 'ਜੱਟ ਐਂਡ ਜੁਲੀਅਟ 2', 'ਅਰਦਾਸ' ਆਦਿ ਸ਼ਾਮਲ ਹਨ। ਇਨ੍ਹਾਂ ਫਿਲਮਾਂ 'ਚ ਆਪਣੀ ਅਦਾਕਾਰੀ ਰਾਹੀਂ ਰਣਬੀਰ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਹੈ। ਰਾਣਾ ਰਣਬੀਰ ਪਾਲੀਵੁੱਡ 'ਚ 'ਸ਼ੈਂਪੀ' ਨਾਂ ਨਾਲ ਮਸ਼ਹੂਰ ਹੋਏ। ਰਾਣਾ ਨੇ ਆਪਣੀ ਅਦਾਕਾਰੀ ਰਾਹੀਂ ਦਰਸ਼ਕਾਂ 'ਚ ਵੱਖਰੀ ਪਛਾਣ ਬਣਾਈ। ਉਹ ਸਿਨੇਮਾ ਜਗਤ ਤੇ ਥੀਏਟਰ ਦੀ ਦੁਨੀਆਂ ਦੀ ਉੱਘੀ ਸ਼ਖਸੀਅਤ ਹੈ।