ਨਵੀਂ ਦਿੱਲੀ: ਲੋਕ ਸਭਾ ਚੋਣਾਂ 2019 ਦੇ ਪਹਿਲੇ ਗੇੜ ਦੀ ਸ਼ੁਰੂਆਤ ਵਿੱਚ ਕੁਝ ਹੀ ਦਿਨ ਬਾਕੀ ਹਨ। ਅਜਿਹੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਵਿੱਚ ਜੁਟੀਆਂ ਹਨ। ਬਾਲੀਵੁੱਡ ਹਸਤੀਆਂ ਵੀ ਚੋਣਾਂ ਵਿੱਚ ਖਾਸੀ ਦਿਲਚਸਪੀ ਦਿਖਾਉਂਦੀਆਂ ਹਨ। ਇਸੇ ਦੌਰਾਨ ਕਮਾਲ ਖ਼ਾਨ ਨੇ ਟਵੀਟ ਕਰ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਸ਼ਲਾਘਾ ਕੀਤੀ ਹੈ ਤੇ ਮੌਜੂਦਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਤਿੱਖੀ ਨੁਕਤਾਚੀਨੀ ਕੀਤੀ ਹੈ।


ਕਮਾਲ ਖ਼ਾਨ ਨੇ ਲਿਖਿਆ ਹੈ ਕਿ ਉਹ 100 ਫ਼ੀਸਦ ਗਾਰੰਟੀ ਨਾਲ ਕਹਿ ਸਕਦੇ ਹਨ ਕਿ ਭਾਰਤ ਵਿੱਚ ਨਾ ਕੋਈ ਡਾ. ਮਨਮੋਹਨ ਸਿੰਘ ਜੀ ਤੋਂ ਵਧੀਆ ਪੀਐਮ ਸੀ ਤੇ ਨਾ ਹੋ ਸਕਦਾ ਹੈ। ਅੱਜ ਭਾਰਤ ਜੋ ਵੀ ਹੈ ਮਨਮੋਹਨ ਸਿੰਘ ਜੀ ਦੀ ਸਦਕਾ ਹੀ ਹੈ। ਮਨਮੋਹਨ ਸਿੰਘ ਜੀ ਭਾਰਤ ਨੂੰ ਇੱਥੇ ਤਕ ਲਿਆਉਣ ਲਈ ਤੁਹਾਡਾ ਧੰਨਵਾਦ। ਤੁਸੀਂ ਆਪਣਾ ਫਰਜ਼ ਨਿਭਾਇਆ।

ਬਾਲੀਵੁੱਟ ਕਲਾਕਾਰ ਇਸ ਤੋਂ ਪਹਿਲਾਂ ਟਵੀਟ ਕਰਕੇ ਲਿਖਿਆ ਸੀ ਕਿ ਜੋ ਲੋਕ ਕਹਿੰਦੇ ਹਨ ਕਿ ਪਿਛਲੇ 70 ਸਾਲਾਂ ਵਿੱਚ ਭਾਰਤ ਵਿੱਚ ਕੁਝ ਨਹੀਂ ਹੋਇਆ, ਉਹ ਲੋਕ ਅਕਲੋਂ ਖਾਲੀ ਹਨ। ਇਸ ਤੋਂ ਬਾਅਦ ਉਨ੍ਹਾਂ ਪੀਐਮ ਨਰੇਂਦਰ ਮੋਦੀ 'ਤੇ ਨਿਸ਼ਾਨਾ ਕੱਸਦਿਆਂ ਕਿਹਾ ਸੀ ਕਿ ਜਦ ਰੋਬੋਟ ਦੁਨੀਆ ਵਿੱਚ ਕੰਮ ਕਰਨ ਲੱਗੇ ਹਨ ਤਾਂ ਸਾਨੂੰ ਭਾਰਤੀਆਂ ਨੂੰ ਪੀਐਮ ਤੋਂ ਚਾਹ ਤੇ ਪਕੌੜੇ ਵੇਚਣ ਦੀ ਸਲਾਹ ਮਿਲਦੀ ਹੈ। ਗਊ ਮੂਤਰ ਪੀਣ ਦੀ ਨਸੀਹਤ ਦਿੱਤੀ ਜਾ ਰਹੀ ਹੈ। ਕਮਾਲ ਖ਼ਾਨ ਦੇ ਟਵੀਟ 'ਤੇ ਸੋਸ਼ਲ ਮੀਡੀਆ 'ਤੇ ਕਾਫੀ ਪ੍ਰਤੀਕਿਰਿਆਵਾਂ ਆ ਰਹੀਆਂ ਹਨ।