ਮੁੰਬਈ: ਬਲੈਕ ਪੈਂਥਰ ਸਟਾਰ ਚੈਡਵਿਕ ਬੌਸਮੈਨ ਦੀ 43 ਸਾਲ ਦੀ ਉਮਰ ਵਿੱਚ ਸ਼ਨੀਵਾਰ ਨੂੰ ਕੋਲਨ ਕੈਂਸਰ ਕਾਰਨ ਮੌਤ ਹੋ ਗਈ। ਦੱਸ ਦਈਏ ਕਿ ਚੈਡਵਿਕ 4 ਸਾਲਾਂ ਤੋਂ ਕੈਂਸਰ ਨਾਲ ਲੜ ਰਿਹਾ ਸੀ। ਉਸ ਨੂੰ ਕੋਲਨ ਕੈਂਸਰ ਸੀ। ਨਿਊਜ਼ ਏਜੰਸੀ ਏਪੀ ਮੁਤਾਬਕ ਚੈਡਵਿਕ ਦੇ ਪ੍ਰਤੀਨਿਧੀ ਨੇ ਦੱਸਿਆ ਕਿ ਅਖੀਰਲੇ ਸਮੇਂ ਅਦਾਕਾਰ ਦੀ ਪਤਨੀ ਅਤੇ ਪਰਿਵਾਰ ਉਸ ਦੇ ਨਾਲ ਸੀ।

ਸੁਪਰਸਟਾਰ ਐਕਟਰ ਦੀ ਮੌਤ ‘ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ। ਬਿਆਨ ਵਿਚ ਲਿਖਿਆ ਗਿਆ, "ਇਕ ਸੱਚਾ ਯੋਧਾ ਚੈਡਵਿਕ ਨੇ ਆਪਣੇ ਸੰਘਰਸ਼ ਨਾਲ ਉਹ ਸਾਰੀਆਂ ਫਿਲਮਾਂ ਤੁਹਾਡੇ ਤਕ ਪਹੁੰਚਾਇਆਂ ਜਿਨ੍ਹਾਂ ਨੂੰ ਤੁਸੀਂ ਬਹੁਤ ਪਿਆਰ ਕੀਤਾ।"


ਪਰਿਵਾਰ ਨੇ ਕਿਹਾ ਕਿ ਚੈਡਵਿਕ ਨੇ ਪਿਛਲੇ 4 ਸਾਲਾਂ ਵਿੱਚ ਕਈ ਫਿਲਮਾਂ ਦੀ ਸ਼ੂਟਿੰਗ ਕੀਤੀ ਸੀ ਅਤੇ ਇਹ ਸਭ ਉਸਦੀਆਂ ਕਈ ਸਰਜਰੀਆਂ ਅਤੇ ਕੀਮੋਥੈਰੇਪੀ ਦੇ ਵਿਚਕਾਰ ਕੀਤਾ ਗਿਆ ਸੀ। ਪਰਿਵਾਰ ਨੇ ਇਹ ਵੀ ਕਿਹਾ ਕਿ ਫਿਲਮ 'ਬਲੈਕ ਪੈਂਥਰ' ਵਿੱਚ 'ਕਿੰਗ ਟੀ-ਚੱਲਾ' ਦਾ ਕਿਰਦਾਰ ਨਿਭਾਉਣਾ ਉਨ੍ਹਾਂ ਲਈ ਮਾਣ ਦੀ ਗੱਲ ਸੀ।

ਦੱਸ ਦਈਏ ਕਿ ਚੈਡਵਿਕ ਨੇ '42' ਅਤੇ 'ਗੇਟ ਔਨ ਅਪ' ਵਰਗੀਆਂ ਫਿਲਮਾਂ ਤੋਂ ਕਾਫ਼ੀ ਪ੍ਰਸਿੱਧੀ ਹਾਸਲ ਕੀਤੀ। ਇਸ ਤੋਂ ਬਾਅਦ ਉਸਨੇ 2018 ਮਾਰਵਲ ਸਿਨੇਮੈਟਿਕ ਯੂਨੀਵਰਸ ਦੀ ਫਿਲਮ 'ਬਲੈਕ ਪੈਂਥਰ' ਵਿਚ ਟੀ-ਚਾਲਾ / ਬਲੈਕ ਪੈਂਥਰ ਦਾ ਕਿਰਦਾਰ ਨਿਭਾ ਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਚੈਡਵਿਕ ਦੀ ਆਖਰੀ ਫਿਲਮ 'Da 5 Bloods' ਇਸੇ ਸਾਲ ਰਿਲੀਜ਼ ਹੋਈ ਸੀ।