ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਤੇ ਬਾਲੀਵੁੱਡ ਸਟਾਰ ਅਨੁਸ਼ਕਾ ਸ਼ਰਮਾ ਦੇ ਵਿਆਹ ਦੀ ਰਜਿਸਟ੍ਰੇਸ਼ਨ 'ਤੇ ਤਲਵਾਰ ਲਟਕ ਗਈ ਹੈ। ਇਟਲੀ 'ਚ ਵਿਆਹ ਕਰਵਾਉਣ ਤੇ ਉੱਥੇ ਭਾਰਤੀ ਸਫਾਰਤਖਾਨੇ ਨੂੰ ਇਸ ਦੀ ਸੂਚਨਾ ਨਾ ਪਹੁੰਚਾਉਣ ਕਾਰਨ ਇਸ ਜੋੜੇ ਨੂੰ ਵਿਆਹ ਦਾ ਪ੍ਰਮਾਣ ਪੱਤਰ ਜਾਰੀ ਹੋਣ ਵਿੱਚ ਮੁਸ਼ਕਲਾਂ ਆ ਸਕਦੀਆਂ ਹਨ। ਰੋਮ ਸਥਿਤ ਭਾਰਤੀ ਸਫਾਰਤਖ਼ਾਨੇ ਨੇ ਇਹ ਜਵਾਬ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਦਿੱਤਾ ਹੈ। ਆਪਣਾ ਵਿਆਹ ਰਜਿਸਟਰ ਕਰਵਾਉਣ ਲਈ ਹੋ ਸਕਦਾ ਹੈ ਕਿ ਵਿਰਾਟ ਤੇ ਅਨੁਸ਼ਕਾ ਇੱਥੇ ਰਸਮੀ ਤੌਰ 'ਤੇ ਦੁਬਾਰਾ ਵਿਆਹ ਕਰਨ।
ਕਾਨੂੰਨ ਮੁਤਾਬਕ ਜੇਕਰ ਕੋਈ ਭਾਰਤੀ ਨਾਗਰਿਕ ਦੇਸ਼ 'ਚੋਂ ਬਾਹਰ ਜਾ ਕੇ ਵਿਆਹ ਕਰਦਾ ਹੈ ਤਾਂ ਉਹ ਵਿਦੇਸ਼ੀ ਵਿਆਹ ਕਾਨੂੰਨ 1969 ਤਹਿਤ ਰਜਿਸਟਰ ਹੁੰਦਾ ਹੈ। ਵਿਦੇਸ਼ ਮੰਤਰਾਲੇ ਵਿੱਚ ਬੀਤੀ 13 ਦਸੰਬਰ ਨੂੰ ਪਾਈ ਆਰ.ਟੀ.ਆਈ. ਦੇ ਜਵਾਬ ਤੋਂ ਪਤਾ ਲੱਗਾ ਹੈ ਕਿ ਵਿਰਾਟ ਤੇ ਅਨੁਸ਼ਕਾ ਨੇ ਆਪਣੇ ਵਿਆਹ ਦੀ ਜਾਣਕਾਰੀ ਰੋਮ ਸਥਿਤ ਭਾਰਤੀ ਸਫਾਰਤਖਾਨੇ ਨੂੰ ਦਿੱਤੀ ਹੀ ਨਹੀਂ।
ਵਿਰਾਟ ਤੇ ਅਨੁਸ਼ਕਾ ਵਿਆਹ ਤੋਂ ਬਾਅਦ ਮਹਾਰਾਸ਼ਟਰ ਵਿੱਚ ਰਹਿਣਗੇ ਤਾਂ ਇੱਥੋਂ ਦੇ ਵਿਆਹ ਰਜਿਸਟ੍ਰੇਸ਼ਨ ਕਾਨੂੰਨ 1998 ਦੀ ਧਾਰਾ 4 ਤਹਿਤ ਸੂਬੇ ਵਿੱਚ ਹੋਏ ਵਿਆਹ ਨੂੰ ਇੱਥੇ ਰਜਿਸਟਰ ਕਰਵਾਉਣਾ ਪੈਂਦਾ ਹੈ। ਹੁਣ ਇਹ ਦੇਖਣਾ ਹੋਵੇਗਾ ਕਿ ਕੀ ਵਿਦੇਸ਼ ਵਿੱਚ ਹੋਏ ਵਿਆਹ ਨੂੰ ਸੂਬੇ ਵਿੱਚ ਮਾਨਤਾ ਮਿਲ ਜਾਵੇਗੀ ਜਾਂ ਉਨ੍ਹਾਂ ਨੂੰ ਮਹਾਰਾਸ਼ਟਰ ਵਿੱਚ ਸੰਕੇਤਕ ਤੌਰ 'ਤੇ ਵਿਆਹ ਦੀਆਂ ਕੁਝ ਰਸਮਾਂ ਪੂਰੀਆਂ ਕਰਨੀਆਂ ਹੋਣਗੀਆਂ।
ਹਾਲਾਂਕਿ, ਕਾਨੂੰਨੀ ਮਾਹਰਾਂ ਦਾ ਕਹਿਣਾ ਹੈ ਕਿ ਇਹ ਕੋਈ ਵੱਡਾ ਮਸਲਾ ਨਹੀਂ। ਅੰਬਾਲਾ ਦੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰੋਹਿਤ ਜੈਨ ਦਾ ਕਹਿਣਾ ਹੈ ਕਿ ਵਿਆਹ ਬਾਰੇ ਭਾਰਤ ਵਿੱਚ ਹਰ ਸੂਬੇ ਦੇ ਕਾਨੂੰਨ ਵੱਖਰੇ ਹਨ, ਤੇ ਕੋਈ ਵੀ ਕਿਸੇ ਵੀ ਸੂਬੇ ਵਿੱਚ ਗਵਾਹਾਂ ਨਾਲ ਆਪਣੀ ਅਰਜ਼ੀ ਦੇ ਕੇ ਵਿਆਹ ਰਜਿਸਟਰ ਕਰਵਾ ਸਕਦਾ ਹੈ।
ਵਿਆਹ ਰਜਿਸਟਰ ਕਰਵਾਉਣ ਲਈ ਲੋੜੀਂਦੇ ਸਬੂਤ-
ਲਾੜਾ-ਲਾੜੀ ਦੇ ਵਿਆਹ ਦੇ ਸੱਦਾ ਪੱਤਰ, ਵਿਆਹ ਮੌਕੇ ਦੀਆਂ 8 ਤਸਵੀਰਾਂ, ਦੋਹਾਂ ਦੇ ਵਾਰਸਾਂ ਦੇ ਦੋ-ਦੋ ਵੱਖੋ-ਵੱਖ ਗਵਾਹ, ਵਿਆਹ ਜਿੱਥੇ ਹੋਇਆ ਜਿਵੇਂ ਵਿਆਹ ਮੈਰਿਜ ਪੈਲੇਸ ਜਾਂ ਹੋਟਲ ਵਿੱਚ ਹੋਇਆ, ਉੱਥੋਂ ਦੇ ਸੰਚਾਲਕ ਦਾ ਪ੍ਰਮਾਣ-ਪੱਤਰ, ਪੰਡਤ ਦਾ ਪ੍ਰਮਾਣ ਪੱਤਰ, ਲਾੜਾ ਲਾੜੀ ਦੋਵਾਂ ਦੇ ਨਾਂ 'ਤੇ ਹਲਫੀਆ ਬਿਆਨ, ਬੈਂਕ ਦਾ 100 ਰੁਪਏ ਦਾ ਚਲਾਣ, ਆਦਿ ਦਸਤਾਵੇਜਾਂ ਦੀ ਲੋੜ ਪੈਂਦੀ ਹੈ।