ਅੰਮ੍ਰਿਤਸਰ: ਬਾਲੀਵੁੱਡ ਗਾਇਕ ਮੀਕਾ ਵੱਲੋਂ ਮੁੰਬਈ ਵਿੱਚ ਕੀਰਤਨ ਕੀਤੇ ਜਾਣ ਤੋਂ ਬਾਅਦ ਨਵਾਂ ਵਿਵਾਦ ਸ਼ੁਰੂ ਹੋ ਗਿਆ। ਮੀਕਾ ਨੇ ਬੀਤੇ ਦਿਨੀਂ ਮੁੰਬਈ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਸਮਾਗਮ ਦੌਰਾਨ ਕੀਰਤਨ ਕੀਤੇ ਕੀਤਾ ਸੀ। ਤਿੰਨਾਂ ਤਖਤਾਂ ਦੇ ਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਹਾਜ਼ਰੀ ਵਿੱਚ ਮੀਕਾ ਵੱਲੋਂ ਕੀਤੇ ਗਏ ਕੀਰਤਨ ਤੋਂ ਬਾਅਦ ਸਿੱਖ ਆਗੂਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।
ਮੁੰਬਈ ਦੇ ਜੁਹੂ ਇਲਾਕੇ ਵਿੱਚ ਕਰਵਾਏ ਗਏ ਇਸ ਵਿਸ਼ਾਲ ਸਮਾਗਮ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਨਾਮਜ਼ਦ ਮੈਂਬਰ ਬਾਵਾ ਗੁਰਿੰਦਰ ਸਿੰਘ ਵੱਲੋਂ ਕਰਵਾਇਆ ਗਿਆ ਸੀ। ਇਸ ਸਮਾਗਮ ਵਿੱਚ ਵੱਡੀ ਗਿਣਤੀ ਫਿਲਮੀ ਹਸਤੀਆਂ ਨੇ ਸ਼ਿਰਕਤ ਕੀਤੀ। ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਇਲਜ਼ਾਮ ਲਾਇਆ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਹਾਜ਼ਰੀ ਵਿੱਚ ਜਿੱਥੇ ਮੀਕਾ ਨੇ ਸ਼ਬਦ ਕੀਰਤਨ ਕਰਕੇ ਮਰਿਆਦਾ ਦਾ ਉਲੰਘਣ ਕੀਤਾ ਹੈ, ਉੱਥੇ ਹੀ ਜਥੇਦਾਰ ਨੇ ਆਪ ਕਈ ਪਤਿਤ ਲੋਕਾਂ ਨੂੰ ਸਿਰੋਪਾ ਦੇ ਕੇ ਮਰਿਆਦਾ ਤੋੜੀ ਹੈ।
ਸਿੱਖ ਰਹਿਤ ਮਰਿਆਦਾ ਮੁਤਾਬਕ ਸੰਗਤ ਵਿੱਚ ਕੀਰਤਨ ਕੇਵਲ ਸਿੱਖ ਹੀ ਕਰ ਸਕਦਾ ਹੈ। ਜਿੱਥੇ ਪਤਿਤ ਵੱਲੋਂ ਕੀਰਤਨ ਕਰਨ ਕਰਕੇ ਮਰਿਆਦਾ ਤੋੜਨ ਦੀ ਗੱਲ ਕਹੀ ਜਾ ਰਹੀ ਹੈ, ਉੱਥੇ ਹੀ ਜਥੇਦਾਰ ਵੱਲੋਂ ਆਪ ਜਾਰੀ ਕੀਤੇ ਗਏ ਉਸ ਆਦੇਸ਼ ਦੀ ਉਲੰਘਣਾ ਕਰਨਾ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜਿਸ ਵਿੱਚ ਉਨ੍ਹਾਂ ਬਿਨਾ ਕਿਸੇ ਵਿਸ਼ੇਸ਼ ਕਾਰਨ ਤੋਂ ਸਿਰੋਪਾ ਦੇਣ ਦੀ ਮਨਾਹੀ ਦੀ ਗੱਲ ਕਹੀ ਸੀ। ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਜਿਸ ਸਿੱਖ ਮਰਿਆਦਾ ਦਾ ਉਲੰਘਣ ਕੀਤਾ ਹੈ, ਉਸ ਦੀ ਸ਼ਿਕਾਇਤ ਕਿੱਥੇ ਕੀਤੀ ਜਾਵੇ।