ਮੁੰਬਈ: ਆਲੀਆ ਭੱਟ ਨੇ ਰਣਬੀਰ ਕਪੂਰ ਨਾਲ ਆਪਣੀ ਆਉਣ ਵਾਲੀ ਫਿਲਮ "ਬ੍ਰਹਮਆਸਤਰ" ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਹਾਲ ਹੀ ਵਿੱਚ ਮੁੰਬਈ ਦੇ ਬਾਂਦਰਾ ਵਿੱਚ ਆਲੀਆ ਨੇ ਫਿਲਮ ਦੀ ਸ਼ੂਟਿੰਗ ਕੀਤੀ। ਇਸ ਦੌਰਾਨ ਆਲੀਆ ਭੱਟ ਪਿੰਕ ਡ੍ਰੈੱਸ ਤੇ ਖੁੱਲ੍ਹੇ ਵਾਲਾਂ ਵਿੱਚ ਕਾਫੀ ਪਿਆਰੀ ਲੱਗ ਰਹੀ ਸੀ। ਫਿਲਮ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣ ਰਹੀ ਹੈ ਤੇ ਹਾਲ ਹੀ ਵਿੱਚ ਕਰਨ ਜੌਹਰ ਨੇ ਸ਼ੋਸ਼ਲ ਮੀਡੀਆ ਜ਼ਰੀਏ ਆਲੀਆ ਭੱਟ, ਰਣਬੀਰ ਕਪੂਰ ਤੇ ਅਯਾਨ ਮੁਖਰਜੀ ਤਿੰਨਾਂ ਦੀ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਸੀ।
"ਇਹ ਜਵਾਨੀ ਹੈ ਦੀਵਾਨੀ" ਤੋਂ ਬਾਅਦ ਹੁਣ ਇੱਕ ਵਾਰ ਅਯਾਨ ਮੁਖਰਜੀ ਤੇ ਰਣਬੀਰ ਕਪੂਰ ਇਕੱਠੇ ਕੰਮ ਕਰਨ ਜਾ ਰਹੇ ਹਨ। ਆਲੀਆ ਤੇ ਰਣਬੀਰ ਦੀ ਜੋੜੀ ਪਹਿਲੀ ਵਾਰ ਫਿਲਮ ਵਿੱਚ ਨਜ਼ਰ ਆਉਣ ਵਾਲੀ ਹੈ। ਫੈਨਜ਼ ਆਲੀਆ ਤੇ ਰਣਬੀਰ ਨੂੰ ਸਿਲਵਰ ਸਕਰੀਨ 'ਤੇ ਦੇਖਣ ਲਈ ਕਾਫੀ ਬੇਚੈਨ ਹਨ। ਦੱਸਿਆ ਜਾ ਰਿਹਾ ਹੈ ਕਿ ਫਿਲਮ ਦੀ ਵਧੇਰੇ ਸ਼ੂਟਿੰਗ ਇਜ਼ਰਾਈਲ ਤੇ ਜੌਰਡਨ ਵਿੱਚ ਕੀਤੀ ਜਾਵੇਗੀ।
ਇਸ ਫਿਲਮ ਵਿੱਚ ਰਣਬੀਰ ਕਪੂਰ ਤੇ ਆਲੀਆ ਭੱਟ ਨਾਲ ਮਹਾਨਾਇਕ ਅਮਿਤਾਭ ਬੱਚਨ ਵੀ ਨਜ਼ਰ ਆਉਣ ਵਾਲੇ ਹਨ। ਰਣਬੀਰ ਤੇ ਆਲੀਆ ਫਿਲਮ ਦੇ ਲਈ ਕਾਫੀ ਸਮੇਂ ਤੋਂ ਤਿਆਰੀਆਂ ਕਰ ਰਹੇ ਹਨ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਫਿਲਮ ਕਿੰਨੀ ਧਮਾਲ ਮਚਾਉਂਦੀ ਹੈ।