ਸੂਰਤ: ਗੁਜਰਾਤ ਦੇ ਸੂਰਤ ਦੇ ਇੱਕ ਮੌਲ 'ਚ 'ਪਦਮਾਵਤੀ' ਫਿਲਮ ਤੋਂ ਪ੍ਰੇਰਣਾ ਲੈ ਕੇ ਬਣਾਈ ਗਈ ਰੰਗੋਲੀ ਨੂੰ ਖਰਾਬ ਕਰਨ ਦੇ ਇਲਜ਼ਾਮ 'ਚ ਕਰਣੀ ਸੈਨਾ ਦੇ ਚਾਰ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਇੱਕ ਮੈਂਬਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ 16 ਅਕਤੂਬਰ ਨੂੰ ਉਮਰਾ ਇਲਾਕੇ 'ਚ ਬਣੇ ਮੌਲ 'ਚ ਸਥਾਨਕ ਕਲਾਕਾਰਾਂ ਵੱਲੋਂ ਬਣਾਈ ਰੰਗੋਲੀ ਨੂੰ ਪਿਛਲੇ ਐਤਵਾਰ ਵਿਗਾੜਣ ਦੇ ਇਲਜ਼ਾਮ 'ਚ ਲੋਕਾਂ ਖਿਲਾਫ ਕੇਸ ਦਰਜ ਕੀਤਾ ਗਿਆ ਸੀ।


ਇਸ ਮਾਮਲੇ 'ਚ 'ਪਦਮਾਵਤੀ' ਫਿਲਮ ਦੀ ਹੀਰੋਇਨ ਦੀਪਿਕਾ ਪਾਦੁਕੋਣ ਨੇ ਵੀ ਆਪਣਾ ਗੁੱਸਾ ਜ਼ਾਹਰ ਕੀਤਾ ਸੀ ਤੇ ਕਾਰਵਾਈ ਦੀ ਮੰਗ ਕੀਤੀ ਸੀ। ਵੀਡੀਓ ਦੇ ਆਧਾਰ 'ਤੇ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ। ਵੀਡੀਓ 'ਚ ਉਹ 'ਜੈ ਸ਼੍ਰੀਰਾਮ' ਦੇ ਨਾਅਰੇ ਲਾ ਰਹੇ ਹਨ ਤੇ ਰੰਗੋਲੀ ਨੂੰ ਖਰਾਬ ਕਰ ਰਹੇ ਹਨ। ਸੂਰਤ ਦੇ ਪੁਲਿਸ ਅਫਸਰ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਮੌਲ ਮਾਲਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਅਜਿਹਾ ਹੋਇਆ ਹੈ ਤਾਂ ਕੇਸ ਦਰਜ ਕਰਵਾਉਣ ਲਈ ਅੱਗੇ ਆਉਣ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਅਸੀਂ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ 'ਚ ਚਾਰ ਕਰਣੀ ਸੈਨਾ ਤੇ ਇੱਕ ਵੀਐਚਪੀ ਦਾ ਮੈਂਬਰ ਹੈ। ਇਸ ਮਾਮਲੇ 'ਚ ਕੁਝ ਹੋਰ ਲੋਕਾਂ ਦੀ ਵੀ ਗ੍ਰਿਫਤਾਰੀ ਹੋ ਸਕਦੀ ਹੈ ਕਿਉਂਕਿ ਵੀਡੀਓ 'ਚ ਅੱਠ ਤੋਂ ਦਸ ਬੰਦੇ ਘਟਨਾ 'ਚ ਸ਼ਾਮਲ ਨਜ਼ਰ ਆ ਰਹੇ ਹਨ।