ਨਵੀਂ ਦਿੱਲੀ: ਪਿਛਲੇ ਸਾਲ ਕੇਂਦਰ ਸਰਕਾਰ ਦੇ ਨੋਟਬੰਦੀ ਦੇ ਫੈਸਲੇ 'ਤੇ ਖੁੱਲ੍ਹਾ ਸਮਰਥਨ ਦੇਣ ਵਾਲੇ ਬਾਲੀਵੁੱਡ ਅਦਾਕਾਰ ਕਮਲ ਹਾਸਨ ਨੇ ਹੁਣ ਇਸ ਫੈਸਲੇ ਨੂੰ ਗ਼ਲਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਮੈਂ ਨੋਟਬੰਦੀ ਦਾ ਸਾਥ ਦੇਣ ਲਈ ਮੁਆਫ਼ੀ ਚਾਹੁੰਦਾ ਹਾਂ ਪਰ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਵਾਰ ਫਿਰ ਸਲੂਟ ਕਰਨਾ ਚਾਹਾਂਗਾ ਜੇਕਰ ਉਹ ਮੰਨ ਲੈਣ ਕਿ ਇਹ ਇਕ ਗ਼ਲਤ ਫੈਸਲਾ ਸੀ।


ਤਮਿਲ ਮੈਗਜ਼ੀਨ ਵਿਕਟਨ 'ਚ ਕਮਲ ਹਾਸਨ ਨੇ ਕਿਹਾ ਕਿ ਆਪਣੀ ਗ਼ਲਤੀ ਨੂੰ ਮੰਨਣ ਵਾਲਾ ਅਤੇ ਉਸ 'ਚ ਸੁਧਾਰ ਕਰਨ ਵਾਲਾ ਹੀ ਮਹਾਨ ਨੇਤਾ ਹੁੰਦਾ ਹੈ ਜਿਵੇਂ ਮਹਾਤਮਾ ਗਾਂਧੀ ਸਨ। ਮੇਰੇ ਕਈ ਦੋਸਤਾਂ ਨੇ ਮੈਨੂੰ ਸਮਝਾਇਆ ਕਿ ਸਰਕਾਰ ਦਾ ਇਹ ਫੈਸਲਾ ਚੰਗਾ ਹੈ ਪਰ ਬਿਨਾ ਤਿਆਰੀ ਇਸ ਨੂੰ ਲਾਗੂ ਕੀਤਾ ਗਿਆ।

ਦੱਸ ਦੇਈਏ ਕਿ ਹਾਸਨ ਨੇ ਟਵੀਟ ਕਰਕੇ ਨੋਟਬੰਦੀ ਦੇ ਫੈਸਲਾ 'ਤੇ ਪੀ.ਐਮ. ਮੋਦੀ ਦੀ ਤਾਰੀਫ ਕੀਤੀ ਸੀ। ਉਨ੍ਹਾਂ ਨਵੰਬਰ 'ਚ ਟਵੀਟ ਕੀਤਾ ਸੀ, "ਸੈਲਿਯੂਟ ਮਿਸਟਰ ਮੋਦੀ, ਇਸ ਕਦਮ ਦੀ ਸਾਰਿਆਂ ਸ਼ਲਾਘਾ ਕਰਨੀ ਚਾਹੀਦੀ ਹੈ। ਖਾਸ ਤੌਰ 'ਤੇ ਟੈਕਸ ਭਰਨ ਵਾਲਿਆਂ ਨੂੰ।"