ਮੁੰਬਈ: ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਤੇ ਉਸ ਦੇ ਪਤੀ ਰਾਜ ਕੁੰਦਰਾ ਖਿਲਾਫ ਬੀਤੇ ਦਿਨ ਮੁੰਬਈ ਦੇ ਬਾਂਦਰਾਂ ਪੁਲਿਸ ਸਟੇਸ਼ਨ 'ਚ ਐਫਆਈਆਰ ਦਰਜ ਕਰਾਈ ਗਈ ਸੀ। ਨਿਤਿਨ ਬਰਾਈ ਨਾਮ ਦੇ ਸ਼ਖਸ ਨੇ ਦੋਵਾਂ ਖਿਲਾਫ ਮਾਮਲਾ ਦਰਜ ਕਰਾਇਆ ਸੀ। ਇਲਜ਼ਾਮ ਲਾਇਆ ਸੀ ਕਿ ਦੋਵਾਂ ਨੇ SFL ਫਿੱਟਨੈੱਸ ਸੈਂਟਰ ਲਈ 1.5 ਕਰੋੜ ਦਾ ਨਿਵੇਸ਼ ਕਰਵਾਇਆ ਸੀ। ਇਸ ਤੋਂ ਬਾਅਦ ਪੈਸੇ ਵਾਪਸ ਮੰਗਣ 'ਤੇ ਧਮਕੀ ਦਿੱਤੀ ਸੀ। ਹੁਣ ਇਸ ਪੂਰੇ ਮਾਮਲੇ 'ਤੇ ਸ਼ਿਲਪਾ ਨੇ ਆਪਣੀ ਚੁੱਪੀ ਤੋੜੀ ਹੈ।



ਅਦਾਕਾਰਾ ਨੇ ਹੁਣ ਆਪਣੇ ਸੋਸ਼ਲ ਮੀਡੀਆ 'ਤੇ ਸਫਾਈ ਲਿਖ ਆਪਣਾ ਪੱਖ ਪੇਸ਼ ਕੀਤਾ ਹੈ। ਉਸ ਨੇ ਲਿਖਿਆ, "ਸਵੇਰੇ ਉੱਠਦੇ ਹੀ ਐਫਆਈਆਰ ਵਿੱਚ ਆਪਣਾ ਤੇ ਰਾਜ ਦਾ ਨਾਮ ਵੇਖ ਕੇ ਮੈਂ ਹੈਰਾਨ ਰਹਿ ਗਈ। ਮੈਂ ਇਹ ਸਪੱਸ਼ਟ ਕਰ ਦਿਆਂ ਕਿ ਐਸਐਫਐਲ ਫਿਟਨੈੱਸ ਨੂੰ ਕਾਸ਼ਿਫ ਖਾਨ ਚਲਾ ਰਹੇ ਸਨ। ਉਨ੍ਹਾਂ ਕੋਲ ਦੇਸ਼ ਭਰ ਵਿੱਚ ਜਿੰਮ ਖੋਲ੍ਹਣ ਦੇ ਅਧਿਕਾਰ ਸਨ।

ਸ਼ਿਲਪਾ ਨੇ ਅੱਗੇ ਲਿਖਿਆ, "ਉਸ ਨੇ ਇਸ ਨਾਲ ਜੁੜੇ ਸਾਰੇ ਸਮਝੌਤੇ ਕੀਤੇ ਤੇ ਬੈਂਕ ਨਾਲ ਜੁੜੇ ਲੈਣ-ਦੇਣ ਤੇ ਰੋਜ਼ਾਨਾ ਦੇ ਕਾਰੋਬਾਰ ਨੂੰ ਵੀ ਉਹੀ ਵੇਖਦੇ ਸਨ। ਸਾਨੂੰ ਕਿਸੇ ਵੀ ਪੈਸਿਆਂ ਦੇ ਲੈਣ-ਦੇਣ ਦੀ ਜਾਣਕਾਰੀ ਨਹੀਂ ਤੇ ਉਸ ਨੇ ਸਾਨੂੰ ਇੱਕ ਵੀ ਪੈਸਾ ਵੀ ਨਹੀਂ ਦਿੱਤਾ। ਸਾਰੀਆਂ ਫ੍ਰੈਂਚਾਇਜ਼ੀ ਕਾਸ਼ਿਫ ਨਾਲ ਸਿੱਧਾ ਡੀਲ ਕਰਦੀਆਂ ਹਨ। ਇਹ ਕੰਪਨੀ ਸਾਲ 2014 ਵਿੱਚ ਬੰਦ ਹੋ ਗਈ ਸੀ ਤੇ ਪੂਰੀ ਤਰ੍ਹਾਂ ਕਾਸ਼ਿਫ ਖਾਨ ਦੁਆਰਾ ਚਲਾਇਆ ਗਿਆ ਸੀ। ਮੈਂ ਪਿਛਲੇ 28 ਸਾਲਾਂ ਵਿੱਚ ਬਹੁਤ ਮਿਹਨਤ ਕੀਤੀ ਹੈ, ਇਸ ਲਈ ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਕਿੰਨੀ ਆਸਾਨੀ ਨਾਲ ਮੇਰੇ ਨਾਮ ਤੇ ਅਕਸ ਨੂੰ ਖ਼ਰਾਬ ਕੀਤਾ ਜਾ ਰਿਹਾ ਹੈ।"

ਦੱਸ ਦਈਏ ਕਿ ਮੁੰਬਈ ਦੇ ਬਾਂਦਰਾ ਪੁਲਿਸ ਸਟੇਸ਼ਨ 'ਚ ਸ਼ਿਲਪਾ ਸ਼ੈੱਟੀ ਤੇ ਉਸ ਦੇ ਪਤੀ ਰਾਜ ਕੁੰਦਰਾ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਨਿਤਿਨ ਬਰਾਈ ਨਾਂ ਦੇ ਵਿਅਕਤੀ ਨੇ ਜੋੜੇ ਖਿਲਾਫ 1.51 ਕਰੋੜ ਦੀ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਹੈ। ਉਦੋਂ ਤੋਂ ਸ਼ਿਲਪਾ ਤੇ ਰਾਜ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ।

ਨਿਤਿਨ ਦੀ ਸ਼ਿਕਾਇਤ ਤੋਂ ਬਾਅਦ ਬਾਂਦਰਾ ਪੁਲਿਸ ਨੇ ਸ਼ਿਲਪਾ ਸ਼ੈਟੀ, ਰਾਜ ਕੁੰਦਰਾ ਤੇ ਹੋਰ ਦੋਸ਼ੀਆਂ ਖਿਲਾਫ ਆਈਪੀਸੀ ਦੀ ਧਾਰਾ 406, 409, 420, 506, 34 ਅਤੇ 120 (ਬੀ) ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਜਲਦ ਹੀ ਇਸ ਮਾਮਲੇ 'ਚ ਦੋਸ਼ੀਆਂ ਤੋਂ ਪੁੱਛਗਿੱਛ ਕਰ ਸਕਦੀ ਹੈ। ਪੁਲਿਸ ਜਲਦੀ ਹੀ ਰਾਜ ਕੁੰਦਰਾ ਤੇ ਸ਼ਿਲਪਾ ਨਾਲ ਸੰਪਰਕ ਕਰਕੇ ਉਨ੍ਹਾਂ ਦਾ ਪੱਖ ਜਾਨ ਸਕਦੀ ਹੈ।