ਚੰਡੀਗੜ੍ਹ: ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ (Gippy Grewal) ਕਿਸਾਨ ਸੰਘਰਸ਼ ਨੂੰ ਸੋਸ਼ਲ ਮੀਡੀਆ 'ਤੇ ਰੱਜ ਕੇ ਸਮਰਥਨ ਦੇ ਰਹੇ ਹਨ। ਗਿੱਪੀ ਗਰੇਵਾਲ ਇਸ ਸਮੇਂ ਕੈਨੇਡਾ 'ਚ ਹਨ, ਜੋ ਹਾਲ ਹੀ 'ਚ ਯੂ. ਕੇ. 'ਚ ਆਪਣੀ ਫ਼ਿਲਮ ਦੀ ਸ਼ੂਟਿੰਗ ਕਰਕੇ ਕੈਨੇਡਾ ਵਾਪਸ ਪੁੱਜੇ ਹਨ। ਇਥੇ ਗਿੱਪੀ ਨੂੰ 14 ਦਿਨਾਂ ਲਈ ਕੁਆਰਨਟੀਨ ਕੀਤਾ ਗਿਆ ਹੈ, ਜਿਸ ਦੇ ਚਲਦਿਆਂ ਉਹ ਪੰਜਾਬ ਨਹੀਂ ਪਹੁੰਚ ਸਕੇ ਪਰ ਗਿੱਪੀ ਜਲਦ ਹੀ ਪੰਜਾਬ ਆਉਣ ਵਾਲੇ ਹਨ। ਇਸ ਗੱਲ ਦੀ ਜਾਣਕਾਰੀ ਗਿੱਪੀ ਗਰੇਵਾਲ ਨੇ ਲਾਈਵ ਹੋ ਕੇ ਦਿੱਤੀ ਹੈ। ਗਿੱਪੀ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਕੁਆਰਨਟੀਨ ਪੀਰੀਅਡ ਦੇ ਸਿਰਫ 7-8 ਦਿਨ ਬਾਕੀ ਬਚੇ ਹਨ, ਜਿਸ ਤੋਂ ਬਾਅਦ ਉਹ ਸਿੱਧਾ ਦਿੱਲੀ ਕਿਸਾਨੀ ਸੰਘਰਸ਼ (Farmer Protest) 'ਚ ਸ਼ਾਮਲ ਹੋਣਗੇ।

ਆਪਣੇ ਲਾਈਵ ਦੌਰਾਨ ਗਿੱਪੀ ਗਰੇਵਾਲ ਨੇ ਜਿਥੇ ਪੰਜਾਬ ਦੇ ਨੌਜਵਾਨਾਂ ਤੇ ਮੀਡੀਆ ਦਾ ਧੰਨਵਾਦ ਕੀਤਾ, ਉਥੇ ਨੈਸ਼ਨਲ ਮੀਡੀਆ ਤੇ ਕੰਗਨਾ ਰਣੌਤ 'ਤੇ ਵੀ ਆਪਣੀ ਭੜਾਸ ਕੱਢੀ। ਗਿੱਪੀ ਗਰੇਵਾਲ ਨੇ ਲਾਈਵ ਦੌਰਾਨ ਕਿਹਾ ਕਿ ਪਹਿਲੀ ਵਾਰ ਪੂਰਾ ਪੰਜਾਬ ਡਟ ਕੇ ਇਕ ਕੰਮ ਲਈ ਖੜ੍ਹਾ ਹੋਇਆ ਹੈ। ਨਾਲ ਹੀ ਬਾਹਰਲੇ ਮੁਲਕਾਂ 'ਚ ਬੈਠੇ ਪੰਜਾਬੀਆਂ ਨੇ ਵੀ ਕਿਸਾਨਾਂ ਲਈ ਸੋਸ਼ਲ ਮੀਡੀਆ 'ਤੇ ਵੱਖਰੀ ਲਹਿਰ ਚਲਾ ਦਿੱਤੀ ਹੈ। ਗਿੱਪੀ ਨੇ ਦੱਸਿਆ ਕਿ ਸਰੀ ਤੋਂ ਵੈਨਕੂਵਰ ਤਕ ਵੀ ਇਕ ਰੈਲੀ ਕੱਢੀ ਗਈ ਹੈ, ਜਿਸ 'ਚ ਜੈਜ਼ੀ ਬੀ ਦੇ ਨਾਲ ਉਨ੍ਹਾਂ ਦੇ ਬੇਟੇ ਸ਼ਿੰਦਾ ਤੇ ਏਕਮ ਵੀ ਗਏ ਹਨ।


ਗਿੱਪੀ ਨੇ ਅੱਗੇ ਕਿਹਾ ਕਿ ਜੋ ਲੋਕ ਸਾਡੇ ਖਿਲਾਫ ਹਨ ਸਾਨੂੰ ਪਤਾ ਹੈ ਕਿ ਉਹ ਗੋਦੀ ਮੀਡੀਆ ਦਾ ਸਮਰਥਨ ਕਰ ਰਹੇ ਹਨ ਤੇ ਉਹ ਚਾਹੁੰਦੇ ਹਨ ਕਿ ਕਿਸਾਨ ਅੰਦੋਲਨ ਨੂੰ ਕੋਈ ਹੋਰ ਰੂਪ ਦੇ ਦਿੱਤਾ ਜਾਵੇ। ਸਾਨੂੰ ਹੋਸ਼ 'ਚ ਰਹਿ ਕੇ ਕੰਮ ਕਰਨ ਦੀ ਲੋੜ ਹੈ, ਇਹ ਨਾ ਹੋਵੇ ਕਿ ਜੋ ਉਹ ਸਾਡੇ ਕੋਲੋਂ ਸਾਨੂੰ ਭੜਕਾ ਕੇ ਕਰਵਾਉਣਾ ਚਾਹੁੰਦੇ ਹਨ, ਉਹ ਅਸੀਂ ਗੁੱਸੇ 'ਚ ਕਰ ਬੈਠੀਏ। ਕੰਗਨਾ ਬਾਰੇ ਬੋਲਦਿਆਂ ਗਿੱਪੀ ਨੇ ਕਿਹਾ ਕਿ ਬੇਬੇ ਬਾਰੇ ਕੀਤੀ ਗਲਤ ਟਿੱਪਣੀ ਕਰਕੇ ਉਸ ਨੂੰ ਪੰਜਾਬ ਨੇ ਬਹੁਤ ਕੁਝ ਸੁਣਾ ਦਿੱਤਾ ਹੈ ਤੇ ਕੰਗਨਾ ਇਹ ਗੱਲ ਹਮੇਸ਼ਾ ਯਾਦ ਰੱਖੇਗੀ।

ਬਾਹਰਲੇ ਮੁਲਕਾਂ 'ਚ ਵੱਸਦੇ ਨੌਜਵਾਨਾਂ ਨੂੰ ਸੁਨੇਹਾ ਦਿੰਦਿਆਂ ਗਿੱਪੀ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਅਸੀਂ ਆਪਣੇ ਹੈਸ਼ਟੈਗ ਦੇ ਮਾਧਿਅਮ ਰਾਹੀਂ ਇਸ ਪ੍ਰਦਰਸ਼ਨ ਨੂੰ ਲੋਕਾਂ ਤਕ ਪਹੁੰਚਾਈਏ। ਜ਼ਮੀਨੀ ਪੱਧਰ 'ਤੇ ਜੋ ਜੰਗ ਚੱਲ ਰਹੀ ਹੈ, ਉਸ ਨੂੰ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਘਰ ਬੈਠੇ ਲੋਕਾਂ ਤਕ ਪਹੁੰਚਾਉਣਾ ਜ਼ਰੂਰੀ ਹੈ। ਧਰਨੇ 'ਚ ਸ਼ਾਮਲ ਹਰ ਸ਼ਖਸ ਦੀ ਤਾਰੀਫ ਕਰਦਿਆਂ ਗਿੱਪੀ ਨੇ ਕਿਹਾ ਕਿ ਪੰਜਾਬੀਆਂ ਨੇ ਆਪਣਾ ਫਰਜ਼ ਨਿਭਾਅ ਦਿੱਤਾ ਹੈ, ਜੋ ਡਟ ਕੇ ਜ਼ੁਲਮ ਖਿਲਾਫ ਖੜ੍ਹੇ ਹਨ।