ਚੰਡੀਗੜ੍ਹ: ਕੈਰੀ ਔਨ ਜੱਟਾ-2 ਦੀ ਧਮਾਕੇਦਾਰ ਓਪਨਿੰਗ ਤੋਂ ਬਾਅਦ ਗਿੱਪੀ ਗਰੇਵਾਲ ਨੂੰ ਫਿਰੌਤੀ ਲਈ ਫ਼ੋਨ ਆਇਆ। ਗਿੱਪੀ ਨੂੰ ਇਹ ਧਮਕੀ ਭਰਿਆ ਫ਼ੋਨ ਗੈਂਗਸਟਰ ਦਿਲਪ੍ਰੀਤ ਢਾਹਾਂ ਨੇ ਕੀਤਾ। ਗੈਂਗਸਟਰ ਦਿਲਪ੍ਰੀਤ ਨੇ ਲੰਘੀ ਅਪ੍ਰੈਲ ਨੂੰ ਚਰਚਿਤ ਪੰਜਾਬੀ ਕਲਾਕਾਰ ਪਰਮੀਸ਼ ਵਰਮਾ 'ਤੇ ਹਮਲਾ ਕਰਨ ਦੀ ਜ਼ਿੰਮੇਵਾਰੀ ਵੀ ਓਟੀ ਸੀ।
ਮੋਹਾਲੀ ਦੇ ਪੁਲਿਸ ਕਪਤਾਨ ਕੁਲਦੀਪ ਸਿੰਘ ਚਹਿਲ ਨੇ ਦੱਸਿਆ ਕਿ ਉਨ੍ਹਾਂ ਗੈਂਗਸਟਰ ਦਿਲਪ੍ਰੀਤ ਵਿਰੁੱਧ ਗਿੱਪੀ ਗਰੇਵਾਲ ਦੀ ਸ਼ਿਕਾਇਤ ਦੇ ਆਧਾਰ 'ਤੇ ਮੋਹਾਲੀ ਦੇ ਫੇਸ 8 ਥਾਣੇ ਵਿੱਚ ਕੇਸ ਦਰਜ ਕਰ ਲਿਆ ਹੈ। ਗੈਂਗਸਟਰ ਨੇ ਗਿੱਪੀ ਨੂੰ ਪਰਮੀਸ਼ ਵਰਗਾ ਹਸ਼ਰ ਕਰਨ ਦੀ ਧਮਕੀ ਵੀ ਦਿੱਤੀ।
ਗਿੱਪੀ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਦਿਲਪ੍ਰੀਤ ਨੇ ਉਸ ਨੂੰ ਵ੍ਹੱਟਸਐਪ ਕਾਲ ਰਾਹੀਂ ਧਮਕੀ ਦਿੱਤੀ ਹੈ। ਪਿਛਲੇ ਕੁਝ ਸਮੇਂ ਤੋਂ ਪੰਜਾਬੀ ਸੰਗੀਤ ਜਗਤ ਦੇ ਛੇ ਕਲਾਕਾਰਾਂ ਨੂੰ ਵੱਖ-ਵੱਖ ਬਦਮਾਸ਼ਾਂ ਵੱਲੋਂ ਧਮਕੀ ਭਰੇ ਫ਼ੋਨ ਵੀ ਆ ਚੁੱਕੇ ਹਨ।