ਗੁਰਬਤ 'ਚੋਂ ਉੱਠ ਕੇ ਆਸਮਾਨ 'ਤੇ ਛਾਏ ਕੇਐਲ ਸਹਿਗਲ ਨੂੰ ਗੂਗਲ ਦਾ ਸਲਾਮ!
ਏਬੀਪੀ ਸਾਂਝਾ | 11 Apr 2018 12:05 PM (IST)
ਚੰਡੀਗੜ੍ਹ: ਭਾਰਤ ਦੇ ਮਹਾਨਾਇਕ, ਫੇਮਸ ਸਿੰਗਰ ਕੇਐਲ ਸ਼ਹਿਗਲ ਦਾ 11 ਅਪ੍ਰੈਲ ਨੂੰ 114ਵਾਂ ਜਨਮ ਦਿਨ ਹੈ। ਇਸ ਮੌਕੇ ਗੂਗਲ ਨੇ ਸਹਿਗਲ ਸਾਹਿਬ ਨੂੰ ਯਾਦ ਕਰਦੇ ਹੋਏ ਡੂਡਲ ਬਣਾਇਆ ਹੈ। ਕੇਐਲ ਸ਼ਹਿਗਲ ਦਾ ਅਸਲ ਨਾਂ ਕੁੰਦਨ ਲਾਲ ਸਹਿਗਲ ਸੀ, ਪਰ ਉਹ ਆਪਣੇ ਚਾਹੁਣ ਵਾਲਿਆਂ ‘ਚ ਕੇਐਲ ਸਹਿਗਲ ਦੇ ਨਾਂ ਨਾਲ ਫੇਮਸ ਹੋਏ। ਸਹਿਗਲ ਦਾ ਜਨਮ 11 ਅਪ੍ਰੈਲ, 1904 ਨੂੰ ਜੰਮੂ ਦੇ ਨਵਾਂ ਸ਼ਹਿਰ ‘ਚ ਹੋਇਆ। ਬਚਪਨ ਤੋਂ ਹੀ ਮਿਊਜ਼ਿਕ ਵੱਲ ਸਹਿਗਲ ਦਾ ਖਾਸ ਲਗਾਅ ਰਿਹਾ। ਇਸ ਦੇ ਚੱਲਦਿਆਂ ਹੀ ਉਹ ਆਪਣੇ ਸ਼ਹਿਰ ‘ਚ ਹੋਣ ਵਾਲੀ ਰਾਮਲੀਲਾ ‘ਚ ਹਿੱਸਾ ਲੈਂਦੇ ਰਹੇ। ਆਪਣੀ ਪੜ੍ਹਾਈ ਵਿਚਾਲੇ ਹੀ ਛੱਡ ਕੇ ਸਹਿਗਲ ਨੇ ਰੇਲਵੇ ‘ਚ ਟਾਈਮਕੀਪਰ ਦੀ ਨੌਕਰੀ ਕੀਤੀ। ਇਸ ਤੋਂ ਬਾਅਦ ਟਾਈਪਰਾਈਟਿੰਗ ਕੰਪਨੀ ‘ਚ ਸੇਲਸਮੈਨ ਦਾ ਕੰਮ ਕੀਤਾ। ਉਨ੍ਹਾਂ ਨੇ ਕਲਕਤਾ ਦੇ ਨਿਊ ਥਿਏਟਰ ‘ਚ 200 ਰੁਪਏ ਦੀ ਤਨਖਾਹ ‘ਤੇ ਕੰਮ ਕੀਤਾ, ਜਿੱਥੇ ਉਨ੍ਹਾਂ ਦੀ ਮੁਲਾਕਾਤ ਹੋਈ ਸੰਗੀਤਕਾਰ ਆਰਸੀ ਬੋਰਾਲ ਨਾਲ। 1932 ‘ਚ ਸਹਿਗਲ ਨੇ ਉਰਦੂ ਫ਼ਿਲਮ ‘ਚ ਕੰਮ ਕੀਤਾ ਤੇ ਨਾਲ ਹੀ ਹੋਰ 2 ਫ਼ਿਲਮਾਂ ‘ਚ ਐਕਟਿੰਗ ਕਰਨ ਦਾ ਮੌਕਾ ਮਿਲਿਆ। ਇਨ੍ਹਾਂ ਫ਼ਿਲਮਾਂ ਤੋਂ ਉਨ੍ਹਾਂ ਨੂੰ ਕੁਝ ਖਾਸ ਮੁਕਾਮ ਹਾਸਲ ਨਾ ਹੋਇਆ। 1933 ਦੀਆਂ ਫ਼ਿਲਮਾਂ ‘ਯਹੂਦੀ ਕੀ ਲੜਕੀ’, ‘ਚੰਡੀਦਾਸ’ ਤੇ ‘ਰੂਪਲੇਖਾ’ ਤੋਂ ਸਹਿਗਲ ਨੇ ਲੋਕਾਂ ਨੂੰ ਆਪਣੀ ਗਾਇਕੀ ਤੇ ਅਦਾਕਾਰੀ ਵੱਲ ਖਿੱਚਿਆ। 1935 ‘ਚ ਆਈ ਫ਼ਿਲਮ ‘ਦੇਵਦਾਸ’ ਨੇ ਤਾਂ ਸਹਿਗਲ ਨੂੰ ਕਾਮਯਾਬੀ ਦੀਆਂ ਬੁਲੰਦੀਆਂ ‘ਤੇ ਪਹੁੰਚਾ ਦਿੱਤਾ। ਇਸ ਫ਼ਿਲਮ ‘ਚ ਉਨ੍ਹਾਂ ਦੇ ਗਾਏ ਗਾਣੇ ਕਾਫੀ ਪਸੰਦ ਕੀਤੇ ਗਏ। 1942 ਦੀ ‘ਸੂਰਦਾਸ’ ਤੇ 1943 ਦੀ ‘ਤਾਨਸੇਨ’ ਫ਼ਿਲਮਾਂ ਦੀ ਕਾਮਯਾਬੀ ਨੇ ਨਵਾਂ ਇਤਿਹਾਸ ਰਚ ਦਿੱਤਾ। 1944 ‘ਚ ਸਹਿਗਲ ਸਾਹਿਬ ਨੇ ‘ਮੇਰੀ ਬਹਿਨ’ ਫ਼ਿਲਮ ‘ਚ ‘ਨੈਨ ਮਤਵਾਰੇ’ ਗਾਇਆ ਜਿਸ ਨੂੰ ਅੱਜ ਵੀ ਸਿਨੇ ਪ੍ਰੇਮੀ ਭੁੱਲ ਨਹੀਂ ਸਕੇ। 1946 ‘ਚ ਆਈ ਫ਼ਿਲਮ ‘ਸ਼ਾਹਜਹਾ’ ਦੇ ਗਾਣੇ ‘ਗਮ ਦੀਏ’ ਤੇ ‘ਜਬ ਦਿਲ ਹੀ ਟੂਟ ਗਯਾ’ ਗਾਣਿਆਂ ਨੇ ਅਲੱਗ ਹੀ ਸਮਾਂ ਬੰਨ੍ਹ ਦਿੱਤਾ। ਆਪਣੇ ਸਿਨੇ ਕਰੀਅਰ ‘ਚ ਸਹਿਗਲ ਦੀ ਜੋੜੀ ਪੰਕਜ ਮਲਿਕ ਨਾਲ ਖੂਬ ਫੇਮਸ ਹੋਈ। ਆਪਣੇ ਦੋ ਦਹਾਕਿਆਂ ਦੇ ਕਰੀਅਰ ‘ਚ ਕੇਐਲ ਸ਼ਹਿਗਲ ਨੇ 36 ਫ਼ਿਲਮਾਂ ‘ਚ ਐਕਟਿੰਗ ਕੀਤੀ ਤੇ 185 ਦੇ ਕਰੀਬ ਗਾਣੇ ਗਾਏ। ਆਪਣੀ ਰੂਹਾਨੀ ਆਵਾਜ਼ ਨਾਲ ਲੋਕਾਂ ਦੇ ਦਿਲਾਂ ‘ਤੇ ਹਕੂਮਤ ਕਰਨ ਵਾਲੇ ਇਹ ਗਾਇਕ 18 ਜਨਵਰੀ 1947 ‘ਚ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਉਂਝ ਤਾਂ ਸਹਿਗਲ ਨੇ ਸਾਰੇ ਹੀ ਗਾਣਿਆਂ ਨਾਲ ਲੋਕਾਂ ਦਾ ਦਿਲ ਜਿੱਤਿਆ ਪਰ ਉਨ੍ਹਾਂ ਦੇ ਗਾਏ ‘ਏਕ ਬੰਗਲਾ ਬਨੇ ਨਿਆਰਾ’, ‘ਜਬ ਦਿਲ ਹੀ ਟੂਟ ਗਿਆ’, ‘ਬਾਬੁਲ ਮੋਰਾ ਨੈਹਿਰ ਛੂਟਲ ਜਾਏ’ ਵਰਗੇ ਗਾਣੇ ਅੱਜ ਵੀ ਲੋਕਾਂ ਦੀ ਜੁਬਾਨ ‘ਤੇ ਹਨ।