ਚੰਡੀਗੜ੍ਹ: ਪੰਜਾਬੀ ਮਿਊਜ਼ਿਕ ਜਗਤ ਦੇ ਕਲਾਸੀਕਲ ਗਾਇਕ ਹੰਸ ਰਾਜ ਹੰਸ 9 ਅਪ੍ਰੈਲ ਯਾਨੀ ਅੱਜ ਆਪਣਾ 54ਵਾਂ ਜਨਮ ਦਿਨ ਮਨਾ ਰਹੇ ਹਨ। ਹੰਸ ਰਾਜ ਕਈ ਸਾਲਾਂ ਗਾਇਕੀ ਦੇ ਖੇਤਰ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਉਨ੍ਹਾਂ ਨੇ ਕੁਝ ਗੁਰਬਾਣੀ ਦੇ ਸ਼ਬਦ ਦੀ ਗਾਏ ਹਨ। ਆਪਣੇ ਹੁਨਰ ਕਰਕੇ ਹੰਸਰਾਜ ਨੂੰ ਅਸੈਨਿਕ ਅਧਿਕਾਰੀ ਵਜੋਂ ਪਦਮਸ਼੍ਰੀ ਸਨਮਾਨ ਵੀ ਮਿਲ ਚੁੱਕਿਆ ਹੈ।   ਜਲੰਧਰ ਨੇੜੇ ਸਫੀਪੁਰ ਪਿੰਡ ‘ਚ ਪੈਦਾ ਹੋਏ ਹੰਸ ਨੇ ਛੋਟੀ ਉਮਰ ਤੋਂ ਗਾਇਕੀ ਸ਼ੁਰੂ ਕਰ ਦਿੱਤੀ। ਪਿਤਾ ਰਛਪਾਲ ਸਿੰਘ ਤੇ ਮਾਂ ਸੁਰਜਨ ਕੌਰ ਜਾਂ ਉਨ੍ਹਾਂ ਤੋਂ ਪਹਿਲੀ ਪੀੜ੍ਹੀ ‘ਚ ਕੋਈ ਵੀ ਮਿਊਜ਼ਿਕ ਇੰਡਸਟਰੀ 'ਚ ਨਹੀਂ ਸੀ। ਕਈ ਯੂਥ ਫੈਸਟੀਵਲਾਂ ਵਿੱਚ ਜੇਤੂ ਬਣਨ ਨਾਲ ਸ਼ੁਰੂ ਹੋਇਆ ਹੰਸ ਦੀ ਗਾਇਕੀ ਦਾ ਸਫਰ ਫਿਲਮਾਂ, ਮਿਊਜ਼ਿਕ ਇੰਡਸਟਰੀ ਤੇ ਸਿਆਸੀ ਗਲਿਆਰਿਆਂ ਤੋਂ ਹੁੰਦਾ ਹੋਇਆ ਅਜੇ ਵੀ ਜਾਰੀ ਹੈ। ਸੂਫੀ ਸੰਗੀਤ ਨੂੰ ਨਵੀਂ ਦਿਸ਼ਾ ਦੇਣ ਵਾਲੇ ਹੰਸ ਨੂੰ ਪੰਜਾਬ ਸਰਕਾਰ ਨੇ ਰਾਜ ਗਾਇਕ ਦੀ ਵੀ ਉਪਾਧੀ ਦਿੱਤੀ ਹੈ। ਉਹ ਲੋਕ ਗੀਤ ਤੇ ਸੂਫੀ ਗੀਤ ਗਾਉਂਦੇ ਸਨ ਪਰ ਨਾਲ ਨਾਲ ਉਹਨਾਂ ਨੇ ਫ਼ਿਲਮਾਂ ਵਿੱਚ ਵੀ ਗਾਉਣਾ ਸ਼ੁਰੂ ਕੀਤਾ। ਨੁਸਰਤ ਫਤਹਿ ਅਲੀ ਖਾਨ ਨਾਲ ‘ਕੱਚੇ ਧਾਗੇ’ ਫਿਲਮ ਨਾਲ ਬਾਲੀਵੁੱਡ ‘ਚ ਕਦਮ ਰੱਖਣ ਵਾਲੇ ਹੰਸ ਨੇ ‘ਨਾਇਕ’, ‘ਬਲੈਕ’, ‘ਬਿੱਛੂ’ ਸਮੇਤ ਦਰਜਨ ਫਿਲਮਾਂ ਲਈ ਗੀਤ ਗਾਏ। ਹੰਸ ਨੇ 2009 ‘ਚ ਪੰਜਾਬ ਦੀ ਸਿਆਸਤ ‘ਚ ਕਦਮ ਰੱਖਿਆ ਤੇ ਜਲੰਧਰ ਤੋਂ ਲੋਕ ਸਭਾ ਚੋਣਾਂ ਹਾਰਨ ਮਗਰੋਂ ਸੰਗੀਤ ਦੀ ਦੁਨੀਆ ਹੰਸ ਨੂੰ ਮੁੰਬਈ ਖਿੱਚ ਕੇ ਲੈ ਗਈ।