ਮੁੰਬਈ: 21 ਅਕਤੂਬਰ ਨੂੰ ਪੰਜਾਬੀ ਫਿਲਮ 'ਲਕੀਰਾਂ' ਰਾਹੀਂ ਅਦਾਕਾਰ ਹਰਮਨ ਵਿਰਕ ਆਪਣਾ ਡੈਬਿਊ ਕਰਨ ਜਾ ਰਹੇ ਹਨ। ਹਰਮਨ ਦੇ ਪਿਤਾ ਹੀ ਇਸ ਫਿਲਮ ਦਾ ਨਿਰਮਾਣ ਕਰ ਰਹੇ ਹਨ ਪਰ ਹਰਮਨ ਮੁਤਾਬਕ ਉਹ ਸਿਰਫ ਆਪਣੇ ਪਿਤਾ ਦੇ ਪੈਸਿਆਂ ਕਰਕੇ ਅਦਾਕਾਰ ਨਹੀਂ ਬਣੇ।
ਬੁੱਧਵਾਰ ਨੂੰ ਆਪਣੀ ਫਿਲਮ ਦੀ ਪ੍ਰਮੋਸ਼ਨ ਲਈ ਜ਼ੀਰਕਪੁਰ ਪਹੁੰਚੇ ਹਰਮਨ ਨੇ ਦੱਸਿਆ, "ਮੈਂ ਅਦਾਕਾਰੀ ਕਰਨਾ ਚਾਹੁੰਦਾ ਸੀ ਤੇ ਵੰਡਰਲੈਂਡ ਪ੍ਰੋਡਕਸ਼ਨਜ਼ ਮੇਰੇ ਪਿਤਾ ਦੇ ਸਨ। ਮੈਂ ਡੈਡ ਨੂੰ ਆਪਣੇ ਮਨ ਦੀ ਗੱਲ ਦੱਸੀ ਪਰ ਉਨ੍ਹਾਂ ਨੇ ਪਹਿਲਾਂ ਮੈਨੂੰ ਪਰਖਿਆ। ਮੰਨਿਆ ਕਿ ਇਹ ਮੇਰੀ ਹੋਮ ਪ੍ਰੋਡਕਸ਼ਨ ਹੈ ਪਰ ਉਸ ਦੇ ਬਾਵਜੂਦ ਮੈਂ ਇੱਕ ਬੇਟੇ ਵਾਂਗ ਨਹੀਂ ਆਰਟਿਸਟ ਵਾਂਗ ਹੀ ਕੰਮ ਕੀਤਾ ਹੈ। ਮੈਂ ਆਪਣੀ ਬਾਡੀ ਦੇ ਨਾਲ-ਨਾਲ ਅਦਾਕਾਰੀ 'ਤੇ ਵੀ ਕੰਮ ਕੀਤਾ ਹੈ ਤੇ ਦਰਸ਼ਕ ਇਸ ਚੀਜ਼ ਨੂੰ ਮਹਿਸੂਸ ਕਰਨਗੇ।"
ਗਾਇਕਾਂ ਦੀ ਇੰਡਸਟਰੀ ਵਿੱਚ ਇੱਕ ਨੌਨ ਸਿੰਗਰ ਨੂੰ ਕਿੰਨੀ ਸਰਾਹਨਾ ਮਿਲੇਗੀ, ਇਸ ਦਾ ਹਰਮਨ ਨੂੰ ਕੋਈ ਡਰ ਨਹੀਂ। ਉਨ੍ਹਾਂ ਮੁਤਾਬਕ ਪੰਜਾਬੀ ਇੰਡਸਟਰੀ ਦੀ ਤਰੱਕੀ ਇਨ੍ਹਾਂ ਗੱਲਾਂ ਤੋਂ ਉੱਤੇ ਹੈ। ਵੇਖਦੇ ਹਾਂ ਕਿ ਹਰਮਨ ਦੇ ਹੱਥਾਂ ਦੀਆਂ ਲਕੀਰਾਂ ਉਨ੍ਹਾਂ ਨੂੰ ਕਿੰਨਾ ਦੂਰ ਲੈ ਕੇ ਜਾਂਦੀਆਂ ਹਨ। ਫਿਲਮ ਇੱਕ ਡਰਾਮਾ ਹੈ ਜੋ ਪੰਜਾਬੀ ਵਿਰਸੇ ਨੂੰ ਵਿਖਾਏਗੀ।