kgf 2 collection: ਸਾਊਥ ਦੇ ਸੁਪਰਸਟਾਰ ਯਸ਼ ਦੀ ਫਿਲਮ KGF-2 ਬਾਕਸ ਆਫਿਸ 'ਤੇ ਲਗਾਤਾਰ ਰਿਕਾਰਡ ਤੋੜ ਰਹੀ ਹੈ। ਹੁਣ KGF-2 ਦੋ ਹਫਤੇ ਯਾਨੀ 16 ਦਿਨਾਂ ਵਿੱਚ 1000 ਕਰੋੜ ਰੁਪਏ ਦੇ ਵਿਸ਼ਵ ਵਿਆਪੀ ਕਾਰੋਬਾਰ ਨਾਲ 'ਦੰਗਲ', 'ਬਾਹੂਬਲੀ-2' ਤੇ 'RRR' ਤੋਂ ਬਾਅਦ ਚੌਥੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਫ਼ਿਲਮ ਬਣ ਗਈ ਹੈ। ਇੰਨਾ ਹੀ ਨਹੀਂ ਫਿਲਮ ਦੇ ਹਿੰਦੀ ਵਰਜ਼ਨ ਨੇ 350 ਕਰੋੜ ਦੇ ਕਲੱਬ 'ਚ ਐਂਟਰੀ ਕਰਕੇ ਕਈ ਰਿਕਾਰਡ ਵੀ ਬਣਾਏ ਹਨ।

ਖਬਰਾਂ ਮੁਤਾਬਕ 100 ਕਰੋੜ ਰੁਪਏ ਦੇ ਬਜਟ 'ਚ ਬਣੀ KGF-2 ਨੇ ਤੀਜੇ ਹਫਤੇ ਦੇ ਦੂਜੇ ਦਿਨ ਯਾਨੀ 16ਵੇਂ ਦਿਨ (ਸ਼ੁੱਕਰਵਾਰ) ਨੂੰ 12.42 ਕਰੋੜ ਰੁਪਏ ਦਾ ਵਰਲਡ ਵਾਈਡ ਗ੍ਰਾਸ ਬਾਕਸ ਆਫਿਸ ਕਲੈਕਸ਼ਨ ਕੀਤਾ ਹੈ। ਇਸ ਤੋਂ ਪਹਿਲਾਂ ਫਿਲਮ ਨੇ ਤੀਜੇ ਹਫਤੇ ਦੇ ਪਹਿਲੇ ਦਿਨ 15.28 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਇਸ ਦੇ ਨਾਲ ਹੀ ਫਿਲਮ ਨੇ ਦੂਜੇ ਹਫਤੇ 223.51 ਕਰੋੜ ਅਤੇ ਪਹਿਲੇ ਹਫਤੇ 720.31 ਕਰੋੜ ਦਾ ਕਾਰੋਬਾਰ ਕੀਤਾ ਸੀ। ਇਸ ਹਿਸਾਬ ਨਾਲ ਫਿਲਮ ਨੇ ਹੁਣ ਤੱਕ 16 ਦਿਨਾਂ 'ਚ ਲਗਪਗ 1000 ਕਰੋੜ ਰੁਪਏ ਦਾ ਵਰਲਡ ਵਾਈਡ ਗ੍ਰਾਸ ਬਾਕਸ ਆਫਿਸ ਕਲੈਕਸ਼ਨ ਕਰ ਲਿਆ ਹੈ।





ਇਸ ਨਾਲ KGF-2 ਨੇ ਆਮਿਰ ਖਾਨ ਦੀ ਸੀਕ੍ਰੇਟ ਸੁਪਰਸਟਾਰ (966.86 ਕਰੋੜ) ਅਤੇ ਸਲਮਾਨ ਖਾਨ ਦੀ ਬਜਰੰਗੀ ਭਾਈਜਾਨ (969.06 ਕਰੋੜ) ਨੂੰ ਪਿੱਛੇ ਛੱਡ ਕੇ ਦੁਨੀਆ ਭਰ ਵਿੱਚ ਚੌਥੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਫਿਲਮ ਬਣ ਗਈ ਹੈ। ਵਿਸ਼ਲੇਸ਼ਕ ਉਮੀਦ ਕਰਦੇ ਹਨ ਕਿ ਫਿਲਮ ਇਸ ਹਫਤੇ ਅਤੇ ਈਦ 'ਤੇ ਵੀ ਚੰਗਾ ਪ੍ਰਦਰਸ਼ਨ ਕਰੇਗੀ।

ਤਰਨ ਆਦਰਸ਼ ਨੇ ਦੱਸਿਆ ਕਿ KGF-2 ਦੇ ਹਿੰਦੀ ਸੰਸਕਰਣ ਨੇ ਤੀਜੇ ਹਫਤੇ ਦੇ ਦੂਜੇ ਦਿਨ ਭਾਵ 16ਵੇਂ ਦਿਨ ਭਾਰਤ 'ਚ 4.25 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਤੋਂ ਪਹਿਲਾਂ ਫਿਲਮ ਦੇ ਹਿੰਦੀ ਸੰਸਕਰਣ ਨੇ ਤੀਜੇ ਹਫਤੇ ਦੇ ਪਹਿਲੇ ਦਿਨ 5.68 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ। ਇਸ ਦੇ ਨਾਲ ਹੀ ਫਿਲਮ ਨੇ ਦੂਜੇ ਹਫਤੇ 98.01 ਕਰੋੜ ਅਤੇ ਪਹਿਲੇ ਹਫਤੇ 255.05 ਕਰੋੜ ਦਾ ਕਾਰੋਬਾਰ ਕੀਤਾ। ਇਸ ਹਿਸਾਬ ਨਾਲ ਫਿਲਮ ਦੇ ਹਿੰਦੀ ਸੰਸਕਰਣ ਨੇ ਵੀ 16 ਦਿਨਾਂ ਵਿੱਚ ਕੁੱਲ 353 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ।

ਇਸ ਦੇ ਨਾਲ ਹੀ KGF-2, ਸਲਮਾਨ ਖਾਨ ਦੀ ਟਾਈਗਰ ਜ਼ਿੰਦਾ ਹੈ (339.16 ਕਰੋੜ), ਆਮਿਰ ਖਾਨ ਦੀ PK (340.8 ਕਰੋੜ) ਅਤੇ ਰਣਬੀਰ ਕਪੂਰ ਦੀ ਸੰਜੂ (342.53 ਕਰੋੜ) ਦੇ ਲਾਈਫਟਾਇਮ ਕਾਰੋਬਾਰ ਨੂੰ ਪਿੱਛੇ ਛੱਡ ਕੇ ਹਿੰਦੀ ਵਿੱਚ ਤੀਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ਤਰਨ ਨੂੰ ਉਮੀਦ ਹੈ ਕਿ ਕੇਜੀਐਫ-2 ਜਲਦੀ ਹੀ ਆਮਿਰ ਦੀ ਦੰਗਲ (387.38 ਕਰੋੜ) ਦੇ ਹਿੰਦੀ ਕਾਰੋਬਾਰ ਨੂੰ ਪਛਾੜ ਦੇਵੇਗੀ। ਇਸ ਤੋਂ ਇਲਾਵਾ 'ਬਾਹੂਬਲੀ-2' (511 ਕਰੋੜ) ਤੋਂ ਬਾਅਦ KGF-2 ਵੀ ਹਿੰਦੀ 'ਚ 500 ਕਰੋੜ ਦਾ ਅੰਕੜਾ ਪਾਰ ਕਰਨ ਵਾਲੀ ਪਹਿਲੀ ਫਿਲਮ ਬਣੇਗੀ।

ਪ੍ਰਸ਼ਾਂਤ ਨੀਲ ਵੱਲੋਂ ਨਿਰਦੇਸ਼ਤ ਇਸ ਫਿਲਮ ਵਿੱਚ ਯਸ਼ ਯਾਨੀ ਰੌਕੀ ਭਾਈ ਤੋਂ ਇਲਾਵਾ ਸੰਜੇ ਦੱਤ, ਸ਼੍ਰੀਨਿਧੀ ਸ਼ੈਟੀ, ਪ੍ਰਕਾਸ਼ ਰਾਜ ਅਤੇ ਰਵੀਨਾ ਟੰਡਨ ਵੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆ ਰਹੇ ਹਨ। ਇਹ ਫਿਲਮ 14 ਅਪ੍ਰੈਲ 2022 ਨੂੰ ਹਿੰਦੀ, ਤੇਲਗੂ, ਤਾਮਿਲ, ਕੰਨੜ ਤੇ ਮਲਿਆਲਮ ਭਾਸ਼ਾਵਾਂ ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ।