ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਚੰਡੀਗੜ੍ਹ: ਹਿੰਦੀ ਫ਼ਿਲਮਾਂ ਦੇ ਭੀਸ਼ਮ ਪਿਤਾਮਾ ਕਹੇ ਜਾਣ ਵਾਲੇ ਬਲਰਾਜ ਸਾਹਨੀ ਅੱਜ ਵੀ ਕਿਸੇ ਪਛਾਣ ਦੇ ਮੋਹਤਾਜ ਨਹੀਂ। ਬਲਰਾਜ ਸਾਹਨੀ ਦਾ ਜਨਮ 1 ਮਈ, 1913 ‘ਚ ਰਾਵਲਪਿੰਡੀ, ਪਾਕਿਸਤਾਨ ‘ਚ ਹੋਇਆ। ਉਨ੍ਹਾਂ ਦਾ ਨਾਂ ਪਹਿਲਾਂ ਯੁਧਿਸ਼ਟਰ ਰੱਖਿਆ ਗਿਆ ਪਰ ਸਭ ਉਨ੍ਹਾਂ ਨੂੰ ਰਜਿਸਟਰ ਕਹਿੰਦੇ ਸੀ ਜਿਸ ਕਰਕੇ ਸਾਹਨੀ ਦਾ ਨਾਂ ਬਦਲ ਕੇ ਬਲਰਾਜ ਰੱਖਣਾ ਪਿਆ। ਬਲਰਾਜ ਨੇ ਆਪਣੀ ਐਕਟਿੰਗ ਦੇ ਨਾਲ-ਨਾਲ ਜਰਨਲਿਸਟ, ਐਕਟੀਵਿਸਟ ਦੇ ਤੌਰ ‘ਤੇ ਵੀ ਕੰਮ ਕੀਤਾ। ਬਲਰਾਜ ਨੇ 4 ਦਹਾਕਿਆਂ ਤੱਕ ਸਿਨੇ ਪ੍ਰੇਮੀਆਂ ਦਾ ਖੂਬ ਮਨੋਰੰਜਨ ਕੀਤਾ।
ਬਲਰਾਜ ਨੇ ਆਪਣੀ ਪੋਸਟ ਗ੍ਰੈਜੂਏਸ਼ਨ ਲਾਹੌਰ ਤੋਂ ਇੰਗਲਿਸ਼ ਲਿਟਰੇਚਰ ‘ਚ ਕੀਤੀ। 1930 ‘ਚ ਉਹ ਆਪਣੀ ਪਤਨੀ ਨਾਲ ਰਾਵਲਪਿੰਡੀ ਛੱੜ ਕੇ ਕਲਕਤਾ ਆ ਗਏ ਜਿੱਥੇ 1938 ‘ਚ ਮਹਾਤਮਾ ਗਾਂਧੀ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ ਤੇ ਸਾਹਨੀ ਨੇ ਗਾਂਧੀ ਜੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਗਾਂਧੀ ਜੀ ਨਾਲ ਜੁੜੇ ਰਹਿਣ ਕਾਰਨ ਇੱਕ ਸਾਲ ਬਾਅਦ ਬਲਰਾਜ ਨੂੰ ਬੀਬੀਸੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਇਸ ਕਰਕੇ ਉਹ 5 ਸਾਲ ਲੰਦਨ ‘ਚ ਰਹੇ ਤੇ 5 ਸਾਲ ਤੋਂ ਬਾਅਦ ਫੇਰ ਭਾਰਤ ਵਾਪਸ ਆ ਗਏ।
ਸਾਹਨੀ ਨੂੰ ਬਚਪਨ ਤੋਂ ਐਕਟਿੰਗ ਦਾ ਸ਼ੌਂਕ ਸੀ। ਆਪਣੇ ਬਚਪਨ ਦੇ ਚਾਅ ਨੂੰ ਪੂਰਾ ਕਰਨ ਲਈ ਸਾਹਨੀ ਇੰਡੀਅਨ ਪ੍ਰੋਗਰੈਸਿਵ ਥਿਏਟਰ ਐਸੋਸੀਏਸ਼ਨ (ਇਪਟਾ) ਨਾਲ ਜੁੜ ਗਏ। 1946 ‘ਚ ਸਾਹਨੀ ਨੇ ਫ਼ਿਲਮ ‘ਧਰਤੀ ਕੇ ਲਾਲ’ ਨਾਲ ਫ਼ਿਲਮੀ ਦੁਨੀਆ ‘ਚ ਕਦਮ ਰੱਖਿਆ ਪਰ ਆਪਣੇ ਕ੍ਰਾਂਤੀਕਾਰੀ ਤੇ ਕਮਿਊਨਿਸਟ ਵਿਚਾਰਾਂ ਕਰਕੇ ਉਨ੍ਹਾਂ ਨੂੰ ਜੇਲ੍ਹ ਵੀ ਜਾਣਾ ਪਿਆ। ਆਪਣੀ ਅਗਲੀ ਫ਼ਿਲ਼ਮ ‘ਹਲਚਲ’ ਸਮੇਂ ਉਹ ਜੇਲ੍ਹ ‘ਚ ਹੀ ਸਨ। ਕਿਹਾ ਜਾਂਦਾ ਹੈ ਕਿ ਉਹ ਆਪਣੀ ਫ਼ਿਲਮ ਦੀ ਸ਼ੂਟਿੰਗ ਲਈ ਜੇਲ੍ਹ ਵਿੱਚੋਂ ਆਉਂਦੇ ਰਹੇ।
ਬਲਰਾਜ ਸਾਹਨੀ ਨੂੰ 1951 ‘ਚ ਆਈ ਫ਼ਿਲਮ ‘ਹਮਲੋਗ’ ਤੋਂ ਇਕ ਐਕਟਰ ਦੀ ਪਛਾਣ ਮਿਲੀ। 1953 ‘ਚ ‘ਦੋ ਬੀਘਾ ਜ਼ਮੀਨ’ ਉਨ੍ਹਾਂ ਦੇ ਕਰੀਅਰ ਲਈ ਕਾਫੀ ਅਹਿਮ ਰਹੀ। ਇਸ ਫ਼ਿਲਮ ਨੂੰ ਕਈਂ ਇੰਟਰਨੈਸ਼ਨਲ ਐਵਾਰਡ ਤੇ ਕਾਂਸ ਫ਼ਿਲਮ ਫੈਸਟੀਵਲ ‘ਚ ਵੀ ਕਾਫੀ ਸਨਮਾਨਤ ਕੀਤਾ ਗਿਆ। ਸਾਹਨੀ ਨੇ ਆਪਣੇ ਸਮੇਂ ‘ਚ ਜ਼ਿਆਦਾ ਸਮਾਜਕ ਫ਼ਿਲਮਾਂ ‘ਚ ਕੰਮ ਕੀਤਾ। ਸਾਹਨੀ ਨੂੰ ਅੱਜ ਵੀ ਉਨ੍ਹਾਂ ਦੀ ਸੰਜੀਦਾ ਐਕਟਿੰਗ ਲਈ ਜਾਣਿਆ ਜਾਂਦਾ ਹੈ। 1962 ‘ਚ ਸਾਹਨੀ ਨੇ ਆਮ ਚੋਣਾਂ ‘ਚ ਅਟਲ ਬਿਹਾਰੀ ਵਾਜਪਾਈ ਦੇ ਖਿਲਾਫ ਖੂਬ ਪ੍ਰਚਾਰ ਕੀਤਾ। ੳਲਰਾਮਪੁਰ ਸੀਟ ‘ਤੇ ਕਾਂਗਰਸ ਦੇ ਸੁਭਦਰਾ ਜੋਸ਼ੀ ਅਟਲ ਜੀ ਦੇ ਵਿਰੋਧੀ ਬਣਕੇ ਖੜ੍ਹੇ ਸੀ। ਜੋਸ਼ੀ ਦਾ ਸਾਥ ਦੇਣ ਲਈ ਸਾਹਨੀ ਨੇ ਦੋ ਦਿਨ ਤੱਕ ਰਿਕਸ਼ੇ ‘ਤੇ ਪ੍ਰਚਾਰ ਕੀਤਾ ਸੀ।
1965 ‘ਚ ਸਾਹਨੀ ਨੇ ਫ਼ਿਲਮ ‘ਵਕਤ’ ‘ਚ ਲਾਲਾ ਕੇਦਾਰ ਨਾਥ ਦਾ ਰੋਲ ਕੀਤਾ, ਜਿਸ ਦਾ ਗਾਣਾ ‘ਏ ਮੇਰੀ ਜ਼ੋਹਰਾ ਜਬੀ ਤੁਝੇ ਮਾਲੂਮ ਨਹੀਂ’ ਅੱਜ ਵੀ ਲੋਕਾਂ ਦੀ ਜ਼ੁਬਾਨ ‘ਤੇ ਹੈ। ਸਾਹਨੀ ਨੇ ਆਪਣੇ ਫ਼ਿਲਮੀ ਕਰੀਅਰ ’ਚ ਕਰੀਬ-ਕਰੀਬ 135 ਫ਼ਿਲਮਾਂ ‘ਚ ਕੰਮ ਕੀਤਾ ਸੀ, ਜਿਨ੍ਹਾਂ ‘ਚ ਕਈ ਫ਼ਿਲਮਾਂ ‘ਚ ਉਨ੍ਹਾਂ ਦਾ ਪਲੇ ਕੀਤਾ ਰੋਲ ਅੱਜ ਵੀ ਕਾਫੀ ਖਾਸ ਹੈ। ਇਹ ਮਹਾਨ ਕਲਾਕਾਰ 13 ਅਪ੍ਰੈਲ, 1973 ‘ਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਸੀ।
ਇਹ ਵੀ ਪੜ੍ਹੋ: 1 May 2022: ਮਈ ਦੇ ਪਹਿਲੇ ਦਿਨ ਮਹਿੰਗਾਈ ਦਾ ਵੱਡਾ ਝੱਟਕਾ, ਇੰਨੇ ਰੁਪਏ ਮਹਿੰਗਾ ਹੋਇਆ ਗੈਸ ਸਿਲੰਡਰ