ਮੁੰਬਈ: ਨਿਰਦੇਸ਼ਕ ਕਰਨ ਜੌਹਰ ਆਪਣੀ ਫਿਲਮ 'ਐ ਦਿਲ ਹੈ ਮੁਸ਼ਕਿਲ' ਦੇ ਲਿਖੇ ਇੱਕ ਡਾਇਲਾਗ ਨੂੰ ਲੈ ਕੇ ਮੁਸੀਬਤ ਵਿੱਚ ਫਸ ਗਏ ਹਨ। ਫਿਲਮ ਵਿੱਚ ਰਫੀ ਸਾਬ ਬਾਰੇ ਅਨੁਸ਼ਕਾ ਇੱਕ ਡਾਇਲਾਗ ਕਹਿੰਦੀ ਹੈ। ਡਾਇਲਾਗ ਇੰਝ ਹੈ, "ਰਫੀ ਸਾਬ ਗਾਉਂਦੇ ਸੀ, ਮੈਨੂੰ ਲੱਗਿਆ ਉਹ ਸਿਰਫ ਰੋਂਦੇ ਸੀ।"
ਬਸ ਇਸੇ ਡਾਇਲਾਗ 'ਤੇ ਰਫੀ ਦੇ ਬੇਟੇ ਖਫਾ ਹੋ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਰਨ ਜੌਹਰ ਨੂੰ ਇਸ ਤਰ੍ਹਾਂ ਲੀਜੈਂਡਰੀ ਗਾਇਕ ਮੁਹੰਮਦ ਰਫੀ ਦੀ ਨਿੰਦਾ ਨਹੀਂ ਸੀ ਕਰਨੀ ਚਾਹੀਦੀ। ਉਨ੍ਹਾਂ ਕਿਹਾ, "ਕਰਨ ਜੌਹਰ ਦੀ ਇਹ ਹਰਕਤ ਸ਼ਰਮਨਾਕ ਹੈ। ਮੇਰੇ ਪਿਤਾ ਨੇ ਉਨ੍ਹਾਂ ਲਈ ਕਿੰਨੀਆਂ ਫਿਲਮਾਂ ਵਿੱਚ ਗਾਇਆ ਹੈ, ਲੱਗਦਾ ਹੈ ਉਹ ਸਭ ਭੁੱਲ ਗਏ ਹਨ।"
ਉਨ੍ਹਾਂ ਕਿਹਾ, "ਮੈਂ ਚਾਹੁੰਦਾ ਹਾਂ ਕਿ ਉਹ ਮੇਰੇ ਤੋਂ ਮੁਆਫੀ ਮੰਗਣ। ਵੈਸੇ ਵੀ ਹੁਣ ਫਿਲਮ ਬਹੁਤ ਲੋਕਾਂ ਨੇ ਵੇਖ ਲਈ ਹੈ ਤੇ ਜੋ ਨੁਕਸਾਨ ਹੋ ਗਿਆ ਹੈ, ਉਸ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ। ਮੈਂ ਜਾਣਦਾ ਹਾਂ ਕਿ ਕਰਨ ਡਾਇਲਾਗ ਨੂੰ ਫਿਲਮ ਵਿੱਚੋਂ ਨਹੀਂ ਹਟਾਉਣ ਵਾਲਾ।" ਫਿਲਮ ਵਿੱਚ ਵਿਖਾਇਆ ਗਿਆ ਹੈ ਕਿ ਰਣਬੀਰ ਕਪੂਰ ਰਫੀ ਵਾਂਗ ਗਾਇਕ ਬਣਨਾ ਚਾਹੁੰਦਾ ਹੈ।