ਮੁੰਬਈ: ਮਸ਼ਹੂਰ ਫ਼ਿਲਮ ਡਾਇਰੈਕਟਰ ਤੇ ਲੇਖਕ ਕੁੰਦਨ ਸ਼ਾਹ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਨ੍ਹਾਂ ਨੇ ਮੁੰਬਈ ਸਥਿਤ ਬਾਂਦਰਾ ਇਲਾਕੇ 'ਚ ਆਪਣੇ ਘਰ 'ਤੇ ਅੰਤਿਮ ਸਾਹ ਲਿਆ। ਕੁੰਦਨ ਸ਼ਾਹ ੬੯ ਸਾਲ ਦੇ ਸਨ। ਉਨ੍ਹਾਂ ਨੇ ਕਈ ਯਾਦਗਾਰੀ ਫ਼ਿਲਮਾਂ ਤੇ ਟੀ.ਵੀ. ਪ੍ਰੋਗਰਾਮ ਬਣਾਏ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਬਾਲੀਵੁੱਡ ਹਸਤੀਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰ ਰਹੀਆਂ ਹਨ।
ਕੁੰਦਨ ਸ਼ਾਹ 1983 ਦੀ ਆਪਣੀ ਸਭ ਤੋਂ ਵੱਡੀ ਫ਼ਿਲਮ 'ਜਾਨੇ ਭੀ ਦੋ ਯਾਰੋ' ਤੇ ਟੀ.ਵੀ. ਸੀਰੀਅਲ 'ਨੁੱਕੜ' ਤੋਂ ਮਸ਼ਹੂਰ ਹੋਏ ਸਨ।'ਜਾਨੇ ਭੀ ਦੋ ਯਾਰੋ' ਫ਼ਿਲਮ ਉਸ ਸਮੇਂ ਦੇ ਮੀਡੀਆ ਤੇ ਭ੍ਰਿਸ਼ਟ ਪ੍ਰਬੰਧ ਦੀ ਜਬਰਦਸਤ ਅਲੋਚਨਾ ਸੀ। ਇਸ ਫ਼ਿਲਮ 'ਚ ਕਾਰਪੋਰੇਟ ਤੇ ਸਿਆਸੀ ਗਠਜੋੜ 'ਤੇ ਵੀ ਕਟਾਸ਼ ਕੀਤਾ ਗਿਆ ਸੀ। ਇਹ ਫ਼ਿਲਮ ਉਦੋਂ ਤੋਂ ਲੈ ਕੇ ਹੁਣ ਤੱਕ ਹਮੇਸ਼ਾ ਵੱਡਾ ਚਰਚਾ ਦਾ ਵਿਸ਼ਾ ਰਹੀ ਹੈ ਤੇ ਫ਼ਿਲਮ ਦੇ ਬਹੁਤ ਵੱਡੇ ਪੱਧਰ 'ਤੇ ਸਨਮਾਨ ਜਿੱਤੇ ਹਨ।


ਦੱਸਣਯੋਗ ਹੈ ਕਿ ਕੁੰਦਨ ਸ਼ਾਹ ਨੂੰ ਫ਼ਿਲਮ ਸਨਅਤ 'ਚ ਬਹੁਤ ਨੂੰ ਅਦਬ  ਨਾਲ ਦੇਖਿਆ ਜਾਂਦਾ ਸੀ। ਉਨ੍ਹਾਂ ਨੇ ਆਪਣੇ ਨਵੀਂ ਕਮੇਡੀ ਜ਼ਰੀਏ ਜਿਸ ਤਰ੍ਹਾਂ ਫ਼ਿਲਮੀ ਦੁਨੀਆ 'ਚ ਥਾਂ ਬਣਾਈ ਉਹ ਵੀ ਬੇਹੱਦ ਕਾਬਲੇ-ਤਾਰੀਫ ਸੀ। ਅੱਜ ਉਨ੍ਹਾਂ ਦੇ ਦਿਹਾਂਤ 'ਤੇ ਫ਼ਿਲਮ ਜਗਤ ਨਾਲ ਜੁੜੀਆਂ ਸਖ਼ਸ਼ੀਅਤਾਂ ਉਨ੍ਹਾਂ ਨੂੰ ਯਾਦ ਕਰ ਰਹੀਆਂ ਹਨ।