ਸੋਨੀਪਤ: ਦੇਸ਼ ਨੂੰ 17 ਸਾਲਾਂ ਬਾਅਦ ਵਿਸ਼ਵ ਸੁੰਦਰੀ ਦਾ ਖਿਤਾਬ ਦਿਵਾਉਣ ਵਾਲੀ ਮਾਨੁਸ਼ੀ ਛਿੱਲਰ ਦੇ ਡਾਕਟਰ ਬਣਨ 'ਚ ਮੁਸ਼ਕਲ ਖੜ੍ਹੀ ਹੋ ਗਈ ਹੈ। ਦਰਅਸਲ ਮਾਨੁਸ਼ੀ ਨੇ ਜਨਵਰੀ 2018 'ਚ ਹੋਣ ਵਾਲੀ ਪ੍ਰੋਫ ਪ੍ਰੀਖਿਆ ਤੇ ਅਪ੍ਰੈਲ-ਮਈ 'ਚ ਹੋਣ ਵਾਲੀ ਸਪਲੀਮੈਂਟ ਪ੍ਰੀਖਿਆ ਛੱਡ ਦਿੱਤੀ ਸੀ। ਇਸ ਤੋਂ ਬਾਅਦ ਗੋਹਾਨਾ ਦੇ ਖਾਨਪੁਰ 'ਚ ਸਥਿਤ ਭਗਤ ਫੂਲ ਸਿੰਘ ਮਹਿਲਾ ਮੈਡੀਕਲ ਕਾਲਜ ਨੇ ਮਾਨੁਸ਼ੀ ਦੀ ਪ੍ਰੀਖਿਆ 'ਤੇ ਰੋਕ ਲਾ ਦਿੱਤੀ ਹੈ।


ਦਰਅਸਲ ਮਾਨੁਸ਼ੀ ਨੇ ਡਾਕਟਰੀ ਦੀ ਪੜ੍ਹਾਈ ਲਈ ਪਹਿਲਾ ਪ੍ਰੌਫ ਮੁਕੰਮਲ ਕਰ ਲਿਆ ਸੀ ਤੇ ਜਦੋਂ ਉਹ ਮਿਸ ਵਰਲਡ ਮੁਕਾਬਲੇ ਲਈ ਗਈ ਤਾਂ ਉਸਦਾ ਦੂਜਾ ਪ੍ਰੋਫ ਹੋ ਗਿਆ ਸੀ। ਉਸ ਸਮੇਂ ਮਾਨੁਸ਼ੀ ਛਿੱਲਰ ਛੁੱਟੀ ਲੈ ਕੇ ਗਈ ਸੀ ਪਰ ਉਹ ਖਿਤਾਬ ਜਿੱਤਣ ਤੋਂ ਬਾਅਦ ਹੁਣ ਤੱਕ ਕਾਲਜ ਨਹੀਂ ਗਈ। ਕਾਲਜ ਦੇ ਡਾਇਰੈਕਟਰ ਏਪੀਐਸ ਬੱਤਰਾ ਨੇ ਦੱਸਿਆ ਕਿ ਮਾਨੁਸ਼ੀ ਨੇ ਕਾਲਜ ਪ੍ਰਸ਼ਾਸਨ ਨੂੰ ਪ੍ਰੀਖਿਆ ਨਾ ਦੇਣ ਸੰਬੰਧੀ ਕੋਈ ਲਿਖਤੀ ਸੂਚਨਾ ਵੀ ਨਹੀਂ ਦਿੱਤੀ।


ਜਦਕਿ ਹੁਣ ਮਾਨੁਸ਼ੀ ਨੂੰ ਪ੍ਰੀਖਿਆ ਦੇਣ ਲਈ ਪੀਜੀਆਈ 'ਚ ਪੱਤਰ ਦੇਣਾ ਪਵੇਗਾ ਜਿਸ ਤੋਂ ਬਾਅਦ ਅੱਗੇ ਦਾ ਫੈਸਲਾ ਸੁਣਾਇਆ ਜਾਵੇਗਾ ਪਰ ਇੱਥੇ ਵੀ ਇਕ ਸ਼ਰਤ ਹੈ ਕਿ ਮਾਨੁਸ਼ੀ ਨੂੰ ਥਿਓਰੀ 'ਚ 75% ਤੇ ਪ੍ਰੈਕਟੀਕਲ 'ਚ 80% ਹਾਜ਼ਰੀ ਲਾਜ਼ਮੀ ਬਣਾਉਣੀ ਹੋਵੇਗੀ।