ਮੁੰਬਈ: ਬਾਲੀਵੁੱਡ ਵਿੱਚ ਚੱਲ ਰਹੀ #MeToo ਮੁਹਿੰਮ ਤਹਿਤ ਹੁਣ ਪ੍ਰਸਿੱਧ ਅਦਾਕਾਰ ਨਵਾਜ਼ੁਦੀਨ ਸਿੱਦਕੀ 'ਤੇ ਉਸ ਦੀ ਸਾਬਕਾ ਪ੍ਰੇਮਿਕਾ ਵੱਲੋਂ ਸੰਗੀਨ ਇਲਜ਼ਾਮ ਲਾਏ ਗਏ ਹਨ। ਪੱਤਰਕਾਰ ਸੰਧਿਆ ਮੈਨਨ ਨੇ ਟਵਿੱਟਰ 'ਤੇ ਸਿੱਦਕੀ ਦੀ ਸਾਬਕਾ ਪ੍ਰੇਮਿਕਾ ਵੱਲੋਂ ਲਿਖਿਆ ਨੋਟ ਸਾਂਝਾ ਕੀਤਾ ਹੈ ਜਿਸ ਵਿੱਚ 'ਸੈਕਸੂਅਲ ਮਿਸਕੰਡਕਟ' ਕਰਨ ਦੇ ਦੋਸ਼ ਲਾਏ ਗਏ ਹਨ।

ਟਵਿੱਟਰ 'ਤੇ ਸਾਂਝੇ ਕੀਤੇ ਨੋਟ ਮੁਤਾਬਕ ਇੱਕ ਵਾਰ ਨਵਾਜ਼ੁਦੀਨ ਸਿੱਦਕੀ ਨੇ ਰਾਤ ਦੀ ਸ਼ੂਟਿੰਗ ਖ਼ਤਮ ਹੋਣ ਸਮੇਂ ਉਸ ਨੂੰ ਫ਼ੋਨ ਕੀਤਾ ਅਤੇ ਕਿਹਾ ਕਿ ਉਹ ਉਸ ਦੀ ਇਮਾਰਤ ਨੇੜੇ ਹੈ। ਪੱਤਰ ਮੁਤਾਬਕ ਉਸ ਨੇ ਸਿੱਦਕੀ ਨੂੰ ਘਰ ਸਵੇਰ ਦੇ ਨਾਸ਼ਤੇ ਲਈ ਸੱਦ ਲਿਆ ਅਤੇ ਆਉਂਦਿਆਂ ਹੀ ਉਸ ਨੇ ਉਸ ਨੂੰ ਜ਼ਬਰਦਸਤੀ ਘੁੱਟ ਕੇ ਫੜ ਲਿਆ।


ਸਾਬਕਾ ਪ੍ਰੇਮਿਕਾ ਦੇ ਉਜਾਗਰ ਹੋਏ ਨੋਟ ਵਿੱਚ ਲਿਖਿਆ ਹੈ, "ਸਿੱਦਕੀ ਦੇ ਇਸ ਵਿਹਾਰ ਤੋਂ ਬਾਅਦ ਉਸ ਨੇ ਹਾਰ ਮੰਨ ਲਈ। ਇਸ ਦੌਰਾਨ ਨਵਾਜ਼ ਨੇ ਉਸ ਦੇ ਕੰਨ ਵਿੱਚ ਕਿਹਾ ਸੀ ਕਿ ਉਹ ਹਮੇਸ਼ਾ ਪਰੇਸ਼ ਰਾਵਲ ਤੇ ਮਨੋਜ ਵਾਜਪਾਈ ਵਾਂਗ ਮਿਸ ਇੰਡੀਆ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਨਵਾਜ਼ ਦੇ ਇਸ ਵਤੀਰੇ ਤੋਂ ਬਾਅਦ ਉਸ ਨੇ ਨਾਤਾ ਤੋੜ ਲਿਆ।"

ਨਵਾਜ਼ੁਦੀਨ ਸਿੱਦਕੀ ਦੀ ਸਾਬਕਾ ਪ੍ਰੇਮਿਕਾ ਨੇ ਉਸ ਤੋਂ ਇਲਾਵਾ ਟੀ-ਸੀਰੀਜ਼ ਕੰਪਨੀ ਦੇ ਮਾਲਕ ਭੂਸ਼ਣ ਕੁਮਾਰ 'ਤੇ ਵੀ ਇਲਜ਼ਾਮ ਲਾਏ। ਉਸ ਨੇ ਨੋਟ ਵਿੱਚ ਲਿਖਿਆ ਹੈ ਕਿ ਉਸ ਨੇ ਭੂਸ਼ਣ ਨੂੰ ਕਰਾਰਾ ਜਵਾਬ ਦਿੱਤਾ ਜਿਸ ਤੋਂ ਬਾਅਦ ਉਸ ਦਾ ਕਦੇ ਕੋਈ ਮੈਸੇਜ ਨਹੀਂ ਆਇਆ। ਜ਼ਿਕਰਯੋਗ ਹੈ ਕਿ ਇਸ ਖੁਲਾਸੇ ਤੋਂ ਬਾਅਦ ਨਵਾਜ਼ੁਦੀਨ ਸਿੱਦਕੀ ਤੇ ਭੂਸ਼ਣ ਕੁਮਾਰ ਵੱਲੋਂ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।