ਨਵੀਂ ਦਿੱਲੀ: ਸ਼ਾਹਰੁਖ ਖ਼ਾਨ ਦੀ ਆਉਣ ਵਾਲੀ ਫ਼ਿਲਮ 'ਜ਼ੀਰੋ' ਦੇ ਪੋਸਟਰ 'ਤੇ ਸਿੱਖ ਭਾਈਚਾਰੇ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਦਰਅਸਲ, ਫ਼ਿਲਮ ਦੇ ਪੋਸਟਰ ਵਿੱਚ ਸ਼ਾਹਰੁਖ ਖ਼ਾਨ ਨੇ ਗਾਤਰਾ (ਕਿਰਪਾਨ) ਪਹਿਨੀ ਹੋਈ ਹੈ। ਇਸੇ ਪੋਸਟਰ 'ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਹੋਰ ਸਿੱਖ ਜਥੇਬੰਦੀਆਂ ਨੇ ਵਿਰੋਧ ਜਤਾਇਆ ਹੈ।

ਸਿੱਖ ਭਾਈਚਾਰੇ ਦਾ ਕਹਿਣਾ ਹੈ ਕਿ ਫ਼ਿਲਮ ਦੇ ਪੋਸਟਰ ਵਿੱਚ ਸ਼ਾਹਰੁਖ ਨੰਗੇ ਸਰੀਰ 'ਤੇ ਨੋਟਾਂ ਦਾ ਹਾਰ ਪਹਿਨੀ ਤੇ ਗਲ਼ ਵਿੱਚ ਗਾਤਰਾ ਪਹਿਨੇ ਹੋਏ ਦਿਖਾਈ ਦੇ ਰਹੇ ਹਨ। ਗਾਤਰਾ ਜਾਂ ਕਿਰਪਾਨ ਸਿੱਖਾਂ ਦੇ ਪੰਜ ਕਕਾਰਾਂ ਵਿੱਚੋਂ ਇੱਕ ਹੈ। ਇਸ ਨੂੰ ਮਜ਼ਾਕੀਆ ਤਰੀਕੇ ਵਿੱਚ ਦਿਖਾਏ ਜਾਣ 'ਤੇ ਸਿੱਖਾਂ ਨੂੰ ਇਤਰਾਜ਼ ਹੈ।



ਡੀਐਸਜੀਐਮਸੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਇੱਕ ਪੱਤਰ ਜਾਰੀ ਕਰਦਿਆਂ ਲਿਖਿਆ ਹੈ ਕਿ ਫ਼ਿਲਮਾਂ ਵਿੱਚ ਧਾਰਮਕ ਚਿੰਨ੍ਹਾਂ ਦੀ ਬੇਅਦਬੀ ਕਰਨ ਦੀ ਭੇੜ ਚਾਲ ਹੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਫ਼ਿਲਮ ਮਨਮਰਜ਼ੀਆਂ ਵਿੱਚ ਵੀ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਤਸਵੀਰਾਂ ਨੂੰ ਦਿਖਾਇਆ ਗਿਆ ਸੀ।

ਰਾਣਾ ਨੇ ਫ਼ਿਲਮ ਨਿਰਮਾਤਾਵਾਂ ਅਤੇ ਸ਼ਾਹਰੁਖ ਖ਼ਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਇਸ ਪੋਸਟਰ ਨੂੰ ਵਾਪਸ ਲਿਆ ਜਾਵੇ, ਜੇਕਰ ਅਜਿਹਾ ਨਹੀਂ ਹੁੰਦਾ ਤਾਂ ਫ਼ਿਲਮ ਰਿਲੀਜ਼ ਨਹੀਂ ਹੋਣ ਦਿੱਤੀ ਜਾਵੇਗੀ। ਕਮੇਟੀ ਵੀ ਫ਼ਿਲਮ ਨਿਰਮਾਤਾਵਾਂ ਨੂੰ ਨੋਟਿਸ ਜਾਰੀ ਕਰਨ ਦੀ ਤਿਆਰੀ ਵਿੱਚ ਹਨ।