ਅੰਮ੍ਰਿਤਸਰ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬੀਤੇ ਦਿਨੀਂ 'ਦੰਗਲ ਗਰਲ' ਜ਼ਾਇਰਾ ਵਸੀਮ ਦੇ ਹੱਕ ਵਿੱਚ ਵੱਡਾ ਬਿਆਨ ਦਿੱਤਾ ਹੈ। ਸਿੱਧੂ ਨੇ ਕਿਹਾ ਜਿਸ ਦੇਸ਼ ਵਿੱਚ ਔਰਤਾਂ ਮਹਿਫ਼ੂਜ਼ ਨਹੀਂ, ਉਸ ਦੇਸ਼ ਦਾ ਸਰਵਨਾਸ਼ ਹੋਣਾ ਤੈਅ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅਜਿਹੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਸਖਤ ਕਾਨੂੰਨ ਬਣਾਉਣ ਦੀ ਲੋੜ ਹੈ।

ਸਿੱਧੂ ਨੇ ਕਿਹਾ ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਪੂਰਾ ਦੇਸ਼ ਸ਼ਰਮਸਾਰ ਹੁੰਦਾ ਹੈ। ਉਨ੍ਹਾਂ ਦੁਬਈ ਵਰਗੇ ਮੁਲਕਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਨ੍ਹਾਂ ਮੁਲਕਾਂ ਵਿੱਚ ਕੋਈ ਕੁੜੀਆਂ ਜਾਂ ਔਰਤਾਂ ਨਾਲ ਇਸ ਲਈ ਛੇੜਛਾੜ ਨਹੀਂ ਕਰਦਾ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਇਸ ਦੀ ਸਜ਼ਾ ਬਹੁਤ ਸਖਤ ਹੈ। ਲੋੜ ਹੈ ਕਿ ਸਾਡੇ ਦੇਸ਼ ਵਿੱਚ ਵੀ ਕ਼ਾਨੂੰਨ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ ਤੇ ਅਜਿਹੇ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ।