ਨਵੀਂ ਦਿੱਲੀ: ਡਾਇਰੈਕਟਰ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ 'ਪਦਮਾਵਤੀ' ਦਾ ਵਿਰੋਧ ਵਧਦਾ ਹੀ ਜਾ ਰਿਹਾ ਹੈ। ਪਿਛਲੇ ਦਿਨੀਂ ਯੂ.ਪੀ. ਸਰਕਾਰ ਨੇ ਫ਼ਿਲਮ ਦੇ ਰਿਲੀਜ਼ ਨੂੰ ਟਾਲਣ ਲਈ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਸੀ। ਹੁਣ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਨਾਮ ਵੀ ਜੁੜ ਗਿਆ ਹੈ। ਸ਼ਿਵਰਾਜ ਨੇ ਕਿਹਾ ਹੈ ਕਿ ਇਸ ਫ਼ਿਲਮ ਨੂੰ ਹੁਣ ਮੱਧ ਪ੍ਰਦੇਸ਼ ਵਿੱਚ ਰਿਲੀਜ਼ ਨਹੀਂ ਕੀਤਾ ਜਾਵੇਗਾ।
ਸ਼ਿਵਰਾਜ ਨੇ ਅੱਜ ਕਿਹਾ ਕਿ ਫ਼ਿਲਮ ਕਲਪਨਾਵਾਂ ਉੱਤੇ ਬਣੇ ਤਾਂ ਠੀਕ ਹੈ ਪਰ ਕੌਮੀ ਨਾਇਕਾਂ-ਨਾਇਕਾਂ 'ਤੇ ਬਣੇਗੀ ਤਾਂ ਇਤਿਹਾਸਕ ਤੱਥਾਂ ਨਾਲ ਛੇੜ-ਛਾੜ ਦਾ ਡਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਫ਼ਿਲਮ ਵਿੱਚ ਤੱਥਾਂ ਨਾਲ ਖਿਲਵਾੜ ਕੀਤਾ ਗਿਆ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਜਿਸ ਫ਼ਿਲਮ ਵਿੱਚ ਕੌਮੀ ਮਾਤਾ ਪਦਮਾਵਤੀ ਖ਼ਿਲਾਫ਼ ਫ਼ਿਲਮ ਵਿੱਚ ਦ੍ਰਿਸ਼ ਦਿਖਾਏ ਗਏ ਹਨ। ਅਜਿਹੀ ਫ਼ਿਲਮ ਦਾ ਐਮਪੀ ਵਿੱਚ ਪ੍ਰਦਰਸ਼ਨ ਨਹੀਂ ਹੋਵੇਗਾ।
ਦੱਸ ਦੇਈਏ ਕਿ ਅੱਜ ਭੁਪਾਲ ਵਿੱਚ ਬੀਜੇਪੀ ਪ੍ਰਧਾਨ ਨੰਦ ਕੁਮਾਰ ਚੌਹਾਨ ਨੇ ਸੀਐਮ ਹਾਊਸ ਵਿੱਚ ਪਦਮਾਵਤੀ ਦੇ ਨਾਅਰੇ ਲਾਏ ਤੇ ਕਿਹਾ ਕਿ 'ਰਾਸ਼ਟਰ ਮਾਤਾ ਅਮਰ ਰਹੇ।' ਲੋਕਾਂ ਨੂੰ ਸਚਾਈ ਬਾਰੇ ਜਾਣੂ ਕਰਾਉਣ ਤੇ ਵਿਰੋਧ ਖ਼ਤਮ ਕਰਨ ਲਈ ਫ਼ਿਲਮ ਮੇਕਰਜ਼ ਨੇ ਕੁਝ ਮੀਡੀਆ ਹਾਊਸ ਵਿੱਚ ਫ਼ਿਲਮ ਦਿਖਾਈ ਗਈ ਪਰ ਇਸ ਕਾਰਵਾਈ ਤੋਂ ਸੈਂਸਰ ਬੋਰਡ ਦੇ ਪ੍ਰਮੁੱਖ ਪ੍ਰੰਸੂਨ ਜੋਸ਼ੀ ਨੇ ਨਿਰਾਸ਼ਾ ਜਤਾਈ ਹੈ।
ਦੱਸਣਯੋਗ ਹੈ ਕਿ ਇਹ ਫ਼ਿਲਮ ਦਸੰਬਰ ਵਿੱਚ ਰਿਲੀਜ਼ ਹੋਣੀ ਸੀ ਪਰ ਵਿਰੋਧ ਕਾਰਨ ਇਸ ਫ਼ਿਲਮ ਦੀ ਰਿਲੀਜ਼ ਡੇਟ ਟਾਲ ਦਿੱਤੀ ਗਈ ਹੈ। ਇਸ ਫ਼ਿਲਮ ਨੂੰ ਹਾਲੇ ਤਾਂ ਸੈਂਸਰ ਬੋਰਡ ਤੋਂ ਵੀ ਸਰਟੀਫਿਕੇਟ ਨਹੀਂ ਮਿਲਿਆ। ਸੈਂਸਰ ਬੋਰਡ ਨੇ ਤਾਂ ਇਸ ਫ਼ਿਲਮ ਨੂੰ ਪ੍ਰਕਿਰਿਆ ਅਧੂਰੀ ਦੱਸਦੇ ਹੋਏ ਵਾਪਸ ਕਰ ਦਿੱਤਾ ਹੈ।