ਨਵੀਂ ਦਿੱਲੀ: ਫ਼ਿਲਮ 'ਪਦਮਾਵਤੀ' ਦੇ ਟ੍ਰੇਲਰ ਜਾਰੀ ਹੋਣ ਤੋਂ ਬਾਅਦ ਹੀ ਫ਼ਿਲਮ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਸੀ। ਵਿਰੋਧੀ ਫ਼ਿਲਮ ਨੂੰ ਰਿਲੀਜ਼ ਨਾ ਹੋਣ ਦੇਣ ਲਈ ਬਜ਼ਿੱਦ ਸਨ ਤੇ ਨਿਰਮਾਤਾ ਤੈਅ ਕੀਤੇ ਹੋਏ ਦਿਨ ਜਾਰੀ ਕਰਨਾ ਚਾਹੁੰਦੇ ਸਨ। ਇਸੇ ਦੌਰਾਨ ਵੱਡੀ ਖ਼ਬਰ ਆਈ ਹੈ। 'ਪਦਮਾਵਤੀ' ਨੂੰ ਹੁਣ 1 ਦਸੰਬਰ ਨੂੰ ਰਿਲੀਜ਼ ਨਹੀਂ ਕੀਤਾ ਜਾਵੇਗਾ।

ਵਾਇਆਕਾਮ ਨੇ ਕਿਹਾ ਹੈ ਕਿ ਫ਼ਿਲਮ ਨੂੰ ਜਾਰੀ ਕਰਨ ਲਈ ਨਵੀਂ ਤਾਰੀਖ ਦਾ ਐਲਾਨ ਛੇਤੀ ਹੀ ਕੀਤਾ ਜਾਵੇਗਾ। ਤੁਹਾਨੂੰ ਦੱਸ ਦਈਏ ਕਿ 'ਏ.ਬੀ.ਪੀ. ਨਿਊਜ਼' ਨੇ ਤਿੰਨ ਦਿਨ ਪਹਿਲਾਂ ਹੀ 'ਪਦਮਾਵਤੀ' ਦੀ ਰਿਲੀਜ਼ ਟਲਣ ਦੀ ਖ਼ਬਰ ਵਿਖਾਈ ਸੀ।

ਸੈਂਸਰ ਬੋਰਡ ਨੇ ਕੀਤਾ ਫ਼ਿਲਮ ਨੂੰ ਵਾਪਸ:

ਫ਼ਿਲਮ ਨਿਰਮਾਤਾਵਾਂ ਨੇ ਫ਼ਿਲਮ ਨੂੰ ਸੈਂਸਰ ਬੋਰਡ ਨੂੰ ਪ੍ਰਮਾਣਤ ਕਰਨ ਲਈ ਭੇਜਿਆ ਸੀ ਪਰ ਸੈਂਸਰ ਬੋਰਡ ਨੇ ਇਸ ਨੂੰ ਬਿਨਾ ਦੇਖੇ ਹੀ ਵਾਪਸ ਕਰ ਦਿੱਤਾ। ਸੈਂਸਰ ਬੋਰਡ ਨੇ ਇਤਰਾਜ਼ ਲਾਇਆ ਸੀ ਕਿ ਉਨ੍ਹਾਂ ਨੂੰ ਇਹ ਨਹੀਂ ਦੱਸਿਆ ਗਿਆ ਕਿ ਇਹ ਫ਼ਿਲਮ ਇੱਕ ਕਲਪਨਾ ਹੈ ਜਾਂ ਤੱਥਾਂ 'ਤੇ ਆਧਾਰਤ ਹੈ।

ਮੀਡੀਆ ਸਕਰੀਨਿੰਗ ਪਈ ਉਲਟ:

ਬੀਤੇ ਦਿਨ ਨਿਰਮਾਤਾਵਾਂ ਨੇ ਕੁਝ ਚੰਗੇ ਰਿਵੀਊ ਹਾਸਲ ਕਰਨ ਲਈ ਚੋਣਵੇਂ ਪੱਤਰਕਾਰਾਂ ਲਈ 'ਪਦਮਾਵਤੀ' ਦੀ ਸਕਰੀਨਿੰਗ ਕੀਤੀ ਸੀ ਪਰ ਇਹ ਪੈਂਤਰਾ ਵੀ ਉਨ੍ਹਾਂ 'ਤੇ ਪੁੱਠਾ ਪੈ ਗਿਆ ਜਾਪਦਾ ਹੈ। ਸੈਂਸਰ ਬੋਰਡ ਦੇ ਮੁਖੀ ਨੇ ਕਿਹਾ ਕਿ ਇਹ ਬਹੁਤ ਨਿਰਾਸ਼ਾਜਨਕ ਹੈ ਕਿ ਸੈਂਸਰ ਬੋਰਡ ਨੂੰ ਵਿਖਾਏ ਜਾਣ ਤੋਂ ਬਗ਼ੈਰ ਹੀ ਫ਼ਿਲਮ ਨੂੰ ਮੀਡੀਆ ਲਈ ਵਿਸ਼ੇਸ਼ ਤੌਰ 'ਤੇ ਵਿਖਾਇਆ ਜਾ ਰਿਹਾ ਹੈ।

ਕੀ ਹੈ ਪੂਰਾ ਵਿਵਾਦ:

ਫ਼ਿਲਮ 'ਪਦਮਾਵਤੀ' ਦਾ ਰਾਜਸਥਾਨ ਵਿੱਚ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਰਾਜਸਥਾਨ ਵਿੱਚ ਕਰਨੀ ਸੈਨਾ ਨੇ ਫ਼ਿਲਮ ਦਾ ਵਿਰੋਧ ਕਰਦਿਆਂ ਕਿਹਾ ਕਿ ਉਹ ਇਸ ਨੂੰ ਪੂਰੇ ਦੇਸ਼ ਵਿੱਚ ਰਿਲੀਜ਼ ਨਹੀਂ ਹੋਣ ਦੇਣਗੇ। ਉਨ੍ਹਾਂ ਫ਼ਿਲਮ ਦੇ ਅਦਾਕਾਰ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਹੈ।

ਉਨ੍ਹਾਂ ਦਾ ਇਲਜ਼ਾਮ ਹੈ ਕਿ ਫ਼ਿਲਮ ਵਿੱਚ ਰਾਣੀ ਪਦਮਾਵਤੀ ਤੇ ਅਲਾਉੱਦੀਨ ਖਿਲਜੀ ਦਰਮਿਆਨ ਪ੍ਰੇਮ ਸਬੰਧ ਵਿਖਾਏ ਗਏ ਹਨ। ਇਸ ਤੋਂ ਇਲਾਵਾ ਫ਼ਿਲਮ ਵਿੱਚ ਕਈ ਰਾਜਸਥਾਨੀ ਪ੍ਰੰਪਰਾਵਾਂ ਨੂੰ ਵੀ ਗ਼ਲਤ ਢੰਗ ਨਾਲ ਵਿਖਾਇਆ ਗਿਆ ਹੈ। ਰਾਜਸਥਾਨ ਵਿੱਚ ਫ਼ਿਲਮ ਦਾ ਕਈ ਥਾਈਂ ਵਿਰੋਧ ਪ੍ਰਦਰਸ਼ਨ ਵੀ ਕੀਤਾ ਗਿਆ ਹੈ। ਵਿਖਾਵਾਕਾਰੀਆਂ ਨੇ ਰਾਜਸਥਾਨ ਦੇ ਚਿਤੌੜਗੜ੍ਹ ਤੇ ਕੁੰਭਲਗੜ੍ਹ ਦੇ ਕਿਲ੍ਹੇ ਦਾ ਰਾਹ ਵੀ ਬੰਦ ਕਰ ਦਿੱਤਾ ਸੀ।