ਮੁੰਬਈ: ਆਸ਼ੂਤੋਸ਼ ਗੋਵਾਰੀਕਰ ਦੀ ਫ਼ਿਲਮ ‘ਪਾਨੀਪਤ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਫ਼ਿਲਮ ‘ਚ ਸੰਜੇ ਦੱਤ ਤੇ ਅਰਜੁਨ ਕਪੂਰ ਮੁੱਖ ਭੂਮਿਕਾ ‘ਚ ਨਜ਼ਰ ਆ ਰਹੇ ਹਨ। ਫ਼ਿਲਮ ਦੀ ਕਹਾਣੀ ਪਾਨੀਪਤ ਦੀ ਤੀਜੀ ਲੜਾਈ ‘ਤੇ ਅਧਾਰਤ ਹੈ। ਇਹ ਲੜਾਈ ਅਫਗਾਨਿਸਤਾਨ ਦੇ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ ਤੇ ਮਰਾਠਾ ਦੇ ਪੇਸ਼ਵਾ ਸਦਾਸ਼ਿਵਰਾਓ ਭਾਉ ‘ਚ ਲੜੀ ਗਈ ਸੀ।



ਫ਼ਿਲਮ ‘ਚ ਸੰਜੇ ਦੱਤ ਅਹਿਮਦ ਸ਼ਾਹ ਅਬਦਾਲੀ ਦੇ ਕਿਰਦਾਰ ‘ਚ ਨਜ਼ਰ ਆ ਰਹੇ ਹਨ ਜਦਕਿ ਅਰਜੁਨ ਕਪੂਰ ਇਸ ‘ਚ ਸਦਾਸ਼ਿਵਰਾਓ ਦਾ ਕਿਰਦਾਰ ਨਿਭਾਅ ਰਹੇ ਹਨ। ਇਹ ਫ਼ਿਲਮ ਇੱਕ ਪੀਰੀਅਡ ਡ੍ਰਾਮਾ ਫ਼ਿਲਮ ਹੈ। ਇਤਿਹਾਸਕ ਘਟਨਾਵਾਂ ‘ਤੇ ਬਣੀ ਇਸ ਫ਼ਿਲਮ ਦੀ ਪਹਿਲੀ ਝਲਕ ਲਈ ਲੋਕਾਂ ਨੂੰ ਲੰਬੇ ਸਮੇਂ ਤੋਂ ਇੰਤਜ਼ਾਰ ਸੀ। ਇਸ ਦੇ ਟ੍ਰੇਲਰ ਤੋਂ ਬਾਅਦ ਇਹ ਸੋਸ਼ਲ ਮੀਡੀਆ ‘ਤੇ ਟ੍ਰੈਂਡ ਵੀ ਕਰ ਰਿਹਾ ਹੈ।



ਦੱਸ ਦਈਏ ਕਿ ਟ੍ਰੇਲਰ ਤੋਂ ਬਾਅਦ ਲੋਕਾਂ ਨੂੰ ਸੰਜੇ ਦੱਤ ਦੀ ਲੁਕ ਨੇ ਕਾਫੀ ਇੰਪ੍ਰੈਸ ਕੀਤਾ ਹੈ ਜਦਕਿ ਅਰਜੁਨ ਕਪੂਰ ਟ੍ਰੇਲਰ ਤੋਂ ਬਾਅਦ ਟ੍ਰੋਲ ਹੋਣਾ ਸ਼ੁਰੂ ਹੋ ਗਏ ਹਨ। ਦੋਵਾਂ ਤੋਂ ਇਲਾਵਾ ਫ਼ਿਲਮ ‘ਚ ਕ੍ਰਿਤੀ ਸੇਨਨ ਵੀ ਹੈ। ਉਸ ਨੇ ਪੇਸ਼ਵਾ ਦੀ ਪਤਨੀ ਦਾ ਰੋਲ ਅਦਾ ਕੀਤਾ ਹੈ ਤੇ ਉਹ ਆਪਣੇ ਪਤੀ ਨਾਲ ਜੰਗ ਦੇ ਮੈਦਾਨ ‘ਚ ਦੁਸ਼ਮਨਾਂ ਦੇ ਸਿਰ ਧੜ ਤੋਂ ਵੱਖ ਕਰਦੀ ਨਜ਼ਰ ਆ ਰਹੀ ਹੈ।



ਆਸ਼ੂਤੋਸ਼ ਗੋਵਾਰੀਕਰ ਦੀ ਇਤਿਹਾਸਕ ਘਟਨਾ ਵਾਲੀ ਫ਼ਿਲਮ 6 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ। ਅਰਜੁਨ ਤੇ ਸੰਜੇ ਦੀ ਜੰਗ ‘ਚ ਕੌਣ ਜਿੱਤਿਆ ਤੇ ਕੌਣ ਹਾਰਿਆ, ਇਸ ਦਾ ਫੈਸਲਾ ਤਾਂ ਫ਼ਿਲਮ ਦੀ ਰਿਲੀਜ਼ ਤੋਂ ਬਾਅਦ ਹੀ ਪਤਾ ਲੱਗੇਗਾ।