ਨਵੀਂ ਦਿੱਲੀ: ਅਜੋਕੇ ਦੌਰ ਵਿੱਚ ਖਲਨਾਇਕ ਵਜੋਂ ਮਸ਼ਹੂਰ ਬਾਲੀਵੁੱਡ ਅਦਾਕਾਰ ਪ੍ਰਕਾਸ਼ ਰਾਜ ਨੇ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ 'ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਚੁੱਪੀ ਦੀ ਨਿੰਦਾ ਕਰਦੇ ਹੋਏ ਆਪਣੇ ਪੰਜ ਕੌਮੀ ਸਨਮਾਨ ਵਾਪਸ ਕਰਨ ਦੀ ਧਮਕੀ ਦਿੱਤੀ ਹੈ।


ਪ੍ਰਕਾਸ਼ ਰਾਜ ਨੇ ਕਿਹਾ- ਗੌਰੀ ਲੰਕੇਸ਼ ਨੂੰ ਮਾਰਨ ਵਾਲੇ ਫੜੇ ਨਹੀਂ ਜਾ ਰਹੇ ਜਾਂ ਫੜੇ ਜਾ ਹੀ ਨਹੀਂ ਸਕਦੇ, ਪਰ ਇਸ ਵਿਚਾਲੇ ਇੱਕ ਅਜਿਹੀ ਭੀੜ ਵੀ ਹੈ ਜੋ ਸੋਸ਼ਲ ਮੀਡੀਆ 'ਤੇ ਗੌਰੀ ਲੰਕੇਸ਼ ਦੇ ਕਤਲ ਦਾ ਜਸ਼ਨ ਮਨਾ ਰਹੀ ਹੈ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਕਿਹੜੇ ਬੰਦੇ ਹਨ ਅਤੇ ਕਿਸ ਵਿਚਾਰਧਾਰਾ ਨਾਲ ਜੁੜੇ ਹਨ। ਇਨ੍ਹਾਂ 'ਚ ਕੁਝ ਲੋਕਾਂ ਨੂੰ ਪ੍ਰਧਾਨ ਮੰਤਰੀ ਮੋਦੀ ਸੋਸ਼ਲ ਮੀਡੀਆ 'ਤੇ ਖ਼ੁਦ ਫਾਲੋ ਕਰਦੇ ਹਨ। ਇਹ ਮੈਨੂੰ ਡਰਾਉਂਦਾ ਹੈ ਕਿ ਸਾਡਾ ਦੇਸ਼ ਕਿਸ ਪਾਸੇ ਜਾ ਰਿਹਾ ਹੈ।

ਪ੍ਰਕਾਸ਼ ਬੇਂਗਲੁਰੂ 'ਚ ਡੈਮੋਕ੍ਰੈਟਿਕ ਯੂਥ ਫੈਡਰੇਸ਼ਨ ਆਫ ਇੰਡੀਆ ਦੀ 11ਵੀਂ ਸੂਬਾ ਕਨਵੈਨਸ਼ਨ ਨੂੰ ਸੰਬੋਧਨ ਕਰ ਰਹੇ ਸਨ। ਫ਼ਿਲਮਾਂ 'ਚ ਖਲਨਾਇਕ ਦੇ ਕਿਰਦਾਰ ਨਿਭਾਉਣ ਲਈ ਮਸ਼ਹੂਰ ਪ੍ਰਕਾਸ਼ ਰਾਜ ਨੇ ਮੋਦੀ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਪੀ.ਐਮ. ਤਾਂ ਮੇਰੇ ਤੋਂ ਵੀ ਚੰਗੇ ਐਕਟਰ ਹਨ। ਪ੍ਰਕਾਸ਼ ਨੇ ਗੌਰੀ ਲੰਕੇਸ਼ ਦੇ ਮਰਡਰ 'ਤੇ ਜਸ਼ਨ ਮਨਾਉਣ ਵਾਲਿਆਂ ਖਿਲਾਫ਼ ਗੁੱਸਾ ਜ਼ਾਹਿਰ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਉਹ ਆਪਣੇ ਐਵਾਰਡ ਵਾਪਸ ਕਰ ਦੇਣਗੇ।

ਪ੍ਰਕਾਸ਼ ਨੇ ਪ੍ਰਧਾਨ ਮੰਤਰੀ ਨੂੰ ਸੰਬੋਧਨ ਕਰਦੇ ਹੋਏ ਕਿਹਾ- ਮੈਂ ਇੱਕ ਮਸ਼ਹੂਰ ਅਦਾਕਾਰ ਹਾਂ। ਕੀ ਤੁਹਾਨੂੰ ਸੱਚਮੁਚ ਲਗਦਾ ਹੈ ਕਿ ਮੈਂ ਤੁਹਾਡੀ ਐਕਟਿੰਗ ਨੂੰ ਨਹੀਂ ਪਛਾਣ ਸਕਦਾ? ਪ੍ਰਕਾਸ਼ ਨੇ ਕਿਹਾ ਕਿ ਮੈਂ ਗੌਰੀ ਲੰਕੇਸ਼ ਦੇ ਕਤਲ 'ਤੇ ਪ੍ਰਧਾਨ ਮੰਤਰੀ ਦੀ ਚੁੱਪੀ 'ਤੇ ਬਹੁਤ ਹੈਰਾਨ ਹਾਂ। ਇਸ 'ਤੇ ਚੁੱਪ ਰਹਿ ਕੇ ਕੀ ਮੋਦੀ ਅਜਿਹੇ ਕਤਲਾਂ ਨੂੰ ਉਤਸ਼ਾਹਤ ਕਰ ਰਹੇ ਹਨ, ਇਸੇ ਕਾਰਨ ਉਨ੍ਹਾਂ ਦੇ ਕੁਝ ਫਾਲੋਅਰਸ ਗੌਰੀ ਦੀ ਮੌਤ ਦਾ ਜਸ਼ਨ ਮਨਾ ਰਹੇ ਹਨ?

ਪ੍ਰਕਾਸ਼ ਨੇ ਇਹ ਵੀ ਕਿਹਾ ਕਿ ਜੇਕਰ ਮੋਦੀ ਇਸੇ ਤਰ੍ਹਾਂ ਮਾਮਲੇ 'ਤੇ ਚੁੱਪ ਰਹੇ ਤਾਂ ਉਹ ਆਪਣੇ ਪੰਜ ਦੇ ਪੰਜ ਨੈਸ਼ਨਲ ਫ਼ਿਲਮ ਐਵਰਾਡ ਵਾਪਸ ਕਰਨ 'ਚ ਜ਼ਰਾ ਵੀ ਦੇਰ ਨਹੀਂ ਕਰਣਗੇ। ਦੱਸ ਦੇਈਏ ਕਿ ਪ੍ਰਕਾਸ਼ ਰਾਜ ਗੌਰੀ ਅਤੇ ਉਨ੍ਹਾਂ ਦੇ ਪਿਤਾ ਦੇ ਚੰਗੇ ਦੋਸਤ ਸਨ। ਉਹ ਗੌਰੀ ਨੂੰ ਪਿਛਲੇ 30 ਸਾਲ ਤੋਂ ਜਾਣਦੇ ਸਨ।