ਚੰਡੀਗੜ੍ਹ: ਯੂ-ਟਿਊਬ ਸਨਸਨੀ ਪਰਮੀਸ਼ ਵਰਮਾ ਨੇ ਹਮਲੇ ਤੋਂ ਬਾਅਦ ਆਪਣੀ ਸੁੱਖ ਸਾਂਦ ਦੀ ਖ਼ਬਰ ਦੱਸਦਿਆਂ ਆਪਣੇ 'ਤੇ ਹੋਏ ਹਮਲੇ ਦਾ ਕਾਰਨ ਵੀ ਦੱਸਿਆ। ਕਲਾਕਾਰ ਨੇ ਮੀਡੀਆ ਤੇ ਲੋਕਾਂ ਨੂੰ ਸੰਬੋਧਨ ਕਰ ਕੇ ਲਿਖਿਆ ਕਿ ਉਸ 'ਤੇ ਹਮਲਾ ਫਿਰੌਤੀ ਕਰ ਕੇ ਹੋਇਆ ਸੀ। ਉਸ ਨੇ ਕਿਸੇ ਨਾਲ ਦੁਸ਼ਮਣੀ ਹੋਣ ਤੋਂ ਇਨਕਾਰ ਕੀਤਾ ਹੈ।
ਪਰਮੀਸ਼ ਨੇ ਆਪਣੀ ਪੋਸਟ ਵਿੱਚ ਇੱਕ ਵਾਰ ਫਿਰ ਮਾਂ ਤੇ ਪਰਿਵਾਰ 'ਤੇ ਬੀਤ ਰਹੇ ਦੁੱਖ ਨੂੰ ਕਿਸੇ ਹੋਰ 'ਤੇ ਨਾ ਆਉਣ ਦੀ ਗੱਲ ਵੀ ਕਹੀ ਹੈ। ਇਸ ਤੋਂ ਪਹਿਲਾਂ ਵੀ ਉਹ ਆਪਣੇ 'ਤੇ ਹੋਏ ਹਮਲੇ ਤੋਂ ਬਾਅਦ ਵਾਲੀ ਫੇਸਬੁੱਕ ਪੋਸਟ ਵਿੱਚ ਆਪਣੀ ਮਾਂ ਦੇ ਦੁਖੀ ਹੋਣ ਬਾਰੇ ਜ਼ਿਕਰ ਕਰ ਚੁੱਕਾ ਸੀ।
ਪਰਮੀਸ਼ ਦੀ ਪੋਸਟ 'ਤੇ ਵੱਡੀ ਗਿਣਤੀ ਵਿੱਚ ਫੇਸਬੁੱਕੀਆਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਇੱਕ ਫੇਸਬੁੱਕ ਵਰਤੋਂਕਰਤਾ ਨੇ ਲਿਖਿਆ ਹੈ ਕਿ ਤੁਸੀਂ ਹੀ ਗੀਤਾਂ ਵਿੱਚ ਹਥਿਆਰਾਂ ਨੂੰ ਪ੍ਰਚਾਰਦੇ ਹੋ ਤੇ ਤੁਸੀਂ ਹੀ ਭੁਗਤ ਰਹੇ ਹੋ। ਜ਼ਿਆਦਾਤਰ ਪ੍ਰਸ਼ੰਸਕਾਂ ਨੇ ਪਰਮੀਸ਼ ਦੀ ਸਲਾਮਤੀ ਲਈ ਦੁਆਵਾਂ ਮੰਗੀਆਂ ਹਨ।
ਲੰਘੀ 13-14 ਅਪ੍ਰੈਲ ਦੀ ਰਾਤ ਨੂੰ ਪਰਮੀਸ਼ 'ਤੇ ਮੋਹਾਲੀ ਵਿੱਚ ਉਸ ਦੇ ਘਰ ਦੇ ਨੇੜੇ ਹੀ ਹਮਲਾ ਹੋ ਗਿਆ ਸੀ। ਪਰਮੀਸ਼ ਤੇ ਉਸ ਦੇ ਸਾਥੀ ਦੇ ਗੋਲ਼ੀਆਂ ਵੱਜੀਆਂ ਸਨ। ਇਸ ਹਮਲੇ ਦੀ ਜ਼ਿੰਮੇਵਾਰੀ ਗੈਂਗਸਟਰ ਦਿਲਪ੍ਰੀਤ ਢਾਹਾਂ ਨੇ ਲਈ ਸੀ। ਇੱਕ ਮਹੀਨਾ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਪਰਮੀਸ਼ ਦੇ ਹਮਲਾਵਰ ਤਕ ਪਹੁੰਚ ਨਹੀਂ ਸਕੀ ਹੈ।
[embed]https://www.facebook.com/ParmishVerma/photos/a.263858207130922.1073741828.263304323852977/857672737749463[/embed]