ਨਵੀਂ ਦਿੱਲੀ: 'ਪਦਮਾਵਤ' ਦਾ ਵਿਰੋਧ ਕਰ ਰਹੀ ਕਰਣੀ ਸੈਨਾ ਦੀ ਧਮਕੀ ਕਾਰਨ ਸੈਂਸਰ ਬੋਰਡ ਦੇ ਮੁਖੀ ਸਹਿਮ ਗਏ ਹਨ। ਫ਼ਿਲਮ ਨੂੰ ਹਰੀ ਝੰਡੀ ਦੇਣ ਵਾਲੇ ਕੇਂਦਰੀ ਫ਼ਿਲਮ ਪ੍ਰਮਾਣਨ ਬੋਰਡ ਦੇ ਮੁਖੀ ਪ੍ਰਸੂਨ ਜੋਸ਼ੀ ਜੈਪੁਰ ਲਿਟਰੇਚਰ ਫ਼ੈਸਟੀਵਲ ਵਿੱਚ ਸ਼ਾਮਲ ਨਹੀਂ ਹੋਏ।
ਫ਼ਿਲਮ ਪਦਮਾਵਤ ਨੂੰ ਸੁਧਾਰ ਤੇ ਤਬਦੀਲੀਆਂ ਨਾਲ ਪਾਸ ਕਰਨ ਵਾਲੇ ਪ੍ਰਸੂਨ ਜੋਸ਼ੀ ਦਾ ਜੈਪੁਰ ਲਿਟਰੇਚਰ ਫ਼ੈਸਟੀਵਲ ਵਿੱਚ ਇੱਕ ਸੈਸ਼ਨ ਸੀ ਪਰ ਉਹ ਨਹੀਂ ਪੁੱਜੇ।
ਜੋਸ਼ੀ ਨੇ ਇੱਕ ਬਿਆਨ ਜੈਪੁਰ ਲਿਟਰੇਚਰ ਫ਼ੈਸਟੀਵਲ ਨੂੰ ਭੇਜਿਆ। ਇਸ ਵਿੱਚ ਲਿਖਿਆ- ਮੈਂ ਇਸ ਸਾਲ ਜੈਪੁਰ ਲਿਟਰੇਚਰ ਫ਼ੈਸਟੀਵਲ ਵਿੱਚ ਸ਼ਾਮਲ ਨਹੀਂ ਹੋ ਸਕਦਾ। ਮੈਂ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਉਸ ਵਧੀਆ ਮੌਕੇ ਨੂੰ ਗੁਆ ਦਿਆਂਗਾ ਜਿੱਥੇ ਸਾਹਿਤ ਨਾਲ ਜੁੜੇ ਲੋਕ ਮੌਜੂਦ ਹੋਣਗੇ। ਮੈਂ ਅਜਿਹਾ ਇਸ ਲਈ ਕਰ ਰਿਹਾ ਹਾਂ ਤਾਂ ਜੋ ਇਸ ਕਾਰਨ ਉੱਥੇ ਮੌਜੂਦ ਲੋਕਾਂ ਅਤੇ ਲੇਖਕਾਂ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਮੈਂ ਇਹ ਕਹਿਣਾ ਚਾਹਾਂਗਾ ਕਿ ਲੋਕ ਆਪਣਾ ਧਿਆਨ ਲਿਟਰੇਚਰ ਵੱਲ ਲਾਉਣ ਨਾ ਕਿ ਵਿਵਾਦਾਂ ਵੱਲ।
ਇਸ ਦੇ ਨਾਲ ਹੀ ਜੋਸ਼ੀ ਨੇ ਫ਼ਿਲਮ ਪਦਮਾਵਤ 'ਤੇ ਆਪਣਾ ਰੁਖ਼ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ- ਜਿੱਥੇ ਤੱਕ ਫ਼ਿਲਮ ਪਦਮਾਵਤ ਨਾਲ ਜੁੜੇ ਵਿਵਾਦ ਦੀ ਗੱਲ ਹੈ ਤਾਂ ਮੈਂ ਇੱਕ ਵਾਰ ਫਿਰ ਕਹਿਣਾ ਚਾਹਾਂਗਾ ਕਿ ਫ਼ਿਲਮ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੋ ਕੇ ਹੀ ਪਾਸ ਕੀਤਾ ਗਿਆ ਹੈ।