ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦੇ ਮੁੱਖ ਮੁਲਜ਼ਮ ਨੀਰਵ ਮੋਦੀ ਦੀ ਕੰਪਨੀ ਨਾਲ ਆਪਣਾ ਕਰਾਰ ਖ਼ਤਮ ਕਰ ਦਿੱਤਾ ਹੈ। ਪ੍ਰਿਅੰਕਾ, ਨੀਰਵ ਮੋਦੀ ਦੇ ਹੀਰਿਆਂ ਦੀ ਬ੍ਰੈਂਡ ਅੰਬੈਸਡਰ ਸੀ ਪਰ ਘੁਟਾਲੇ ਤੋਂ ਬਾਅਦ ਪ੍ਰਿਅੰਕਾ ਨੇ ਕਰਾਰ ਖ਼ਤਮ ਕਰ ਦਿੱਤਾ ਹੈ।


ਪ੍ਰਿਅੰਕਾ ਦੇ ਬੁਲਾਰੇ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ- ਇਲਜ਼ਾਮਾਂ ਦੇ ਮੱਦੇਨਜ਼ਰ ਪ੍ਰਿਅੰਕਾ ਨੇ ਨੀਰਵ ਮੋਦੀ ਬ੍ਰਾਂਡ ਨਾਲ ਕਰਾਰ ਖ਼ਤਮ ਕਰਨ ਦਾ ਫੈਸਲਾ ਕੀਤਾ ਹੈ।

ਪੀਐਨਬੀ ਘੋਟਾਲੇ ਦੇ ਸਾਹਮਣੇ ਆਉਣ ਤੋਂ ਬਾਅਦ ਅਜਿਹੀਆਂ ਖ਼ਬਰਾਂ ਆ ਰਹੀਆਂ ਸਨ ਕਿ ਪ੍ਰਿਅੰਕਾ ਨੇ ਨੀਰਵ ਮੋਦੀ 'ਤੇ ਬਕਾਇਆ ਪੈਸੇ ਨਾ ਦੇਣ ਕਰ ਕੇ ਕੇਸ ਦਰਜ ਕਰਵਾਇਆ ਹੈ ਪਰ ਬਾਅਦ ਵਿੱਚ ਉਨ੍ਹਾਂ ਦੇ ਬੁਲਾਰੇ ਨੇ ਇਨਾਂ ਖ਼ਬਰਾਂ ਨੂੰ ਗ਼ਲਤ ਦੱਸਿਆ।

ਨੀਰਵ ਮੋਦੀ ਇੱਕ ਹੀਰਿਆਂ ਦਾ ਵੱਡਾ ਕਾਰੋਬਾਰੀ ਹੈ ਜਿਸ ਨੂੰ ਭਾਰਤ ਦਾ ਡਾਇਮੰਡ ਕਿੰਗ ਵੀ ਕਿਹਾ ਜਾਂਦਾ ਸੀ। 48 ਸਾਲ ਦਾ ਨੀਰਵ ਮੋਦੀ ਸਾਲ 2017 ਵਿੱਚ ਦੁਨੀਆ ਦੇ ਅਮੀਰ ਲੋਕਾਂ ਦੀ ਲਿਸਟ ਵਿੱਚ 84ਵੇਂ ਨੰਬਰ 'ਤੇ ਸੀ। ਫੋਰਬਸ ਮੈਗਜ਼ੀਨ ਮੁਤਾਬਕ ਨੀਰਵ ਮੋਦੀ ਕਰੀਬ 12 ਹਜ਼ਾਰ ਕਰੋੜ ਦੀ ਜਾਇਦਾਦ ਦਾ ਮਾਲਿਕ ਹੈ ਤੇ ਉਸ 'ਤੇ ਆਪਣੀ ਜਾਇਦਾਦ ਨਾਲੋਂ 600 ਕਰੋੜ ਘੱਟ ਦੀ ਠੱਗੀ ਮਾਰਨ ਦਾ ਇਲਜ਼ਾਮ ਹੈ।