ਨਵੀਂ ਦਿੱਲੀ: ਬਾਲੀਵੁੱਡ ਦੇ ਮਸ਼ਹੂਰ ਸਿੰਗਰ ਪਾਪੋਨ ਖਿਲਾਫ ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਇਲਡ ਰਾਈਟ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਦਰਅਸਲ ਹਾਲ ਹੀ ਵਿੱਚ ਪਾਪੋਨ ਨੇ ਫੇਸਬੁੱਕ 'ਤੇ ਇੱਕ ਵੀਡੀਓ ਪੋਸਟ ਕੀਤਾ ਸੀ ਜਿਸ ਵਿੱਚ ਉਹ ਬੱਚਿਆਂ ਨਾਲ ਹੋਲੀ ਖੇਡਦੇ ਨਜ਼ਰ ਆ ਰਹੇ ਹਨ। ਮਾਮਲਾ ਇਸੇ ਵੀਡੀਓ ਨਾਲ ਜੁੜਿਆ ਹੈ। ਵੀਡੀਓ ਵਿੱਚ ਪਾਪੋਨ ਇੱਕ ਬੱਚੀ ਨੂੰ ਕਿਸ ਕਰਦੇ ਨਜ਼ਰ ਆ ਰਹੇ ਹਨ।
ਪਾਪੋਨ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਸ਼ੋਅ ਵਿੱਚ ਆਈ ਬੱਚੀ ਨੂੰ ਗਲਤ ਤਰੀਕੇ ਨਾਲ ਕਿਸ ਕੀਤਾ। ਉਨ੍ਹਾਂ ਦੇ ਖਿਲਾਫ ਇਹ ਸ਼ਿਕਾਇਤ ਸੁਪਰੀਮ ਕੋਰਟ ਦੀ ਇੱਕ ਵਕੀਲ ਰੂਨਾ ਭੁਆਨ ਨੇ ਦਰਜ ਕਰਵਾਈ ਹੈ। ਪਾਪੋਨ ਅੱਜ-ਕੱਲ੍ਹ ਟੀਵੀ ਰਿਐਲਿਟੀ ਸ਼ੋਅ ਵਿੱਚ ਜੱਜ ਦੀ ਭੂਮਿਕਾ ਨਿਭਾਅ ਰਹੇ ਹਨ।
ਸ਼ੋਅ ਦੇ ਹੋਲੀ ਸਪੈਸ਼ਲ ਐਪੀਸੋਡ ਦੀ ਸ਼ੂਟਿੰਗ ਦੌਰਾਨ ਪਾਪੋਨ ਸ਼ੋਅ ਦੇ ਬੱਚਿਆਂ ਨਾਲ ਵੈਨਿਟੀ ਵੈਨ ਵਿੱਚ ਬੈਠ ਕੇ ਮਸਤੀ ਕਰ ਰਹੇ ਸੀ ਜਿਸ ਦਾ ਵੀਡੀਓ ਉਨ੍ਹਾਂ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਹੈ। ਇਹ ਵੀਡੀਓ ਪੋਸਟ ਕਰਦੇ ਹੀ ਵਾਇਰਲ ਹੋਣ ਲੱਗੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪਾਪੋਨ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ।
ਸ਼ਿਕਾਇਤਕਰਤਾ ਨੇ ਕਿਹਾ ਕਿ ਜਿਸ ਤਰ੍ਹਾਂ ਪਾਪੋਨ ਨੇ ਨਾਬਾਲਗ ਬੱਚੀ ਨਾਲ ਸਲੂਕ ਕੀਤਾ, ਉਹ ਕਾਫੀ ਹੈਰਾਨ ਕਰਨ ਵਾਲਾ ਹੈ। ਉਹ ਅਜਿਹੀ ਵੀਡੀਓ ਵੇਖ ਕੇ ਸ਼ੋਅ ਵਿੱਚ ਸ਼ਾਮਲ ਬੱਚੀਆਂ ਦੀ ਸੁਰੱਖਿਆ ਨੂੰ ਲੈ ਕੇ ਕਾਫੀ ਪ੍ਰੇਸ਼ਾਨ ਹਨ।