ਚੰਡੀਗੜ੍ਹ: 8 ਨਵੰਬਰ ਨੂੰ ਨੋਟਬੰਦੀ ਦੇ ਐਲਾਨ ਤੋਂ ਬਾਅਦ ਹਰ ਕੋਈ ਮਾਰਾ-ਮਾਰੀ ਵਿੱਚ ਲੱਗਾ ਰਿਹਾ ਹੈ। ਨੋਟਬੰਦੀ ਦਾ ਵੱਡਾ ਅਸਰ ਬਾਲੀਵੁੱਡ 'ਤੇ ਵੀ ਪਿਆ ਹੈ ਤੇ ਸ਼ਾਇਦ ਇਸੇ ਤੋਂ ਪੰਜਾਬੀ ਸਿਨੇਮਾ ਵੀ ਡਰ ਗਿਆ ਹੈ। ਇਸ ਕਰਕੇ ਸਾਲ ਦੇ ਆਖਰੀ ਮਹੀਨੇ ਵਿੱਚ ਰਿਲੀਜ਼ ਹੋਣ ਵਾਲੀਆਂ ਪੰਜਾਬੀ ਫਿਲਮਾਂ ਹੁਣ ਪੋਸਟਪੋਨ ਕਰ ਦਿੱਤੀਆਂ ਗਈਆਂ ਹਨ।

2 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਫਿਲਮ 'ਮੋਟਰ ਮਿੱਤਰਾਂ ਦੀ' ਅੱਗੇ ਪੈ ਗਈ ਹੈ। ਹੁਣ ਇਹ ਫਿਲਮ 30 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਸੂਤਰ ਨੇ ਦੱਸਿਆ ਕਿ ਫਿਲਮ ਦੇ ਨਿਰਮਾਤਾਵਾਂ ਨੂੰ ਡਰ ਹੈ ਕਿ ਨੋਟਬੰਦੀ ਕਰਕੇ ਦਰਸ਼ਕ ਸਿਨੇਮਾਘਰਾਂ ਵਿੱਚ ਆਉਣਗੇ ਜਾਂ ਨਹੀਂ। 9 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਅਮਰਿੰਦਰ ਗਿੱਲ ਦੀ ਫਿਲਮ 'ਸਰਵਣ' ਵੀ ਲੋਹੜੀ ਲਈ ਪੋਸਟਪੋਨ ਹੋ ਗਈ ਹੈ।

ਤੀਜੀ ਫਿਲਮ ਹੈ 'ਸਰਦਾਰ ਸਾਬ' ਜਿਸ ਨਾਲ ਜੈਕੀ ਸ਼ਰੌਫ ਲੀਡ ਵਿੱਚ ਨਜ਼ਰ ਆ ਰਹੇ ਹਨ। 16 ਦਸੰਬਰ ਤੋਂ ਅੱਗੇ ਹੋ ਕੇ ਹੁਣ ਇਹ 6 ਜਨਵਰੀ ਨੂੰ ਰਿਲੀਜ਼ ਹੋਵੇਗੀ। ਸੋ ਸਾਫ ਹੈ ਕਿ ਪੰਜਾਬੀ ਨਿਰਮਾਤਾ ਕੋਈ ਘਾਟਾ ਨਹੀਂ ਚਾਹੁੰਦੇ। ਕਿਉਂਕਿ ਪਹਿਲਾਂ ਹੀ ਪੰਜਾਬੀ ਫਿਲਮਾਂ ਘੱਟ ਬੌਕਸ ਆਫਿਸ ਬਿਜ਼ਨੈੱਸ ਕਰ ਪਾਉਂਦੀਆਂ ਹਨ। ਨੋਟਬੰਦੀ ਦੇ ਇਸ ਦੌਰ ਵਿੱਚ ਕੋਈ ਹੋਰ ਰਿਸਕ ਨਹੀਂ ਲੈਣਾ ਚਾਹੁੰਦਾ।