ਮੁਸ਼ਕਿਲ 'ਚ ਪੰਜਾਬੀ ਗਾਇਕ ਪ੍ਰੀਤ ਬਰਾੜ
ਏਬੀਪੀ ਸਾਂਝਾ | 28 Apr 2018 01:01 PM (IST)
ਚੰਡੀਗੜ੍ਹ: ਪ੍ਰਾਪਰਟੀ ਦੇ ਨਾਂ 'ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਕੇਸ ਦਾ ਸਾਹਮਣਾ ਕਰ ਰਹੇ ਪੰਜਾਬੀ ਗਾਇਕ ਪ੍ਰੀਤ ਬਰਾੜ ਖਿਲਾਫ ਮੋਹਾਲੀ ਦੀ ਅਦਾਲਤ ਵਿਚ ਚੱਲ ਰਹੇ ਕੇਸ ‘ਚ ਅਦਾਲਤ ਵਲੋਂ ਉਸ ਨੂੰ ਭਗੌੜਾ ਕਰਾਰ ਦੇਣ ਦੀ ਪ੍ਰੋਸੀਡਿੰਗਜ਼ ਤੇਜ਼ ਕਰ ਦਿੱਤੀ ਗਈ ਹੈ। ਇਸ ਕਾਰਨ ਅਦਾਲਤ ਵਿਚ ਕੇਸ ਦੀ ਸੁਣਵਾਈ ਦੌਰਾਨ ਅਦਾਲਤ ਨੇ ਪ੍ਰੀਤ ਬਰਾੜ ਦੇ ਜ਼ਮਾਨਤੀ ਮਨਜੀਤ ਸਿੰਘ ਨਿਵਾਸੀ ਸੈਕਟਰ-68 ਮੋਹਾਲੀ ਵੱਡੀ ਮੁਸੀਬਤ 'ਚ ਫਸ ਗਿਆ ਹੈ। ਅਦਾਲਤ ਨੇ ਉਸ ਨੂੰ ਹੁਕਮ ਦਿੱਤੇ ਹਨ ਕਿ ਉਹ ਪ੍ਰੀਤ ਬਰਾੜ ਨੂੰ ਅਗਲੀ ਪੇਸ਼ੀ 'ਤੇ ਹਰ ਹਾਲਤ ਵਿਚ ਪੇਸ਼ ਕਰੇ। ਜੇਕਰ ਜ਼ਮਾਨਤੀ ਮਨਜੀਤ ਸਿੰਘ ਉਸ ਨੂੰ ਅਦਾਲਤ ਵਿੱਚ ਪੇਸ਼ ਕਰਨ ਵਿਚ ਅਸਫਲ ਹੁੰਦਾ ਹੈ ਤਾਂ ਅਦਾਲਤ ਵਲੋਂ ਉਸ ਦੀ ਜ਼ਮਾਨਤ ਵਾਲੀ ਪ੍ਰਾਪਰਟੀ ਸੀਲ ਕਰ ਦਿੱਤੀ ਜਾਵੇਗੀ। ਅਦਾਲਤ ਨੇ ਕੇਸ ਦੀ ਸੁਣਵਾਈ ਲਈ ਅਗਲੀ ਤਰੀਕ 28 ਮਈ ਨਿਸ਼ਚਿਤ ਕਰ ਦਿੱਤੀ ਹੈ। ਕਾਫੀ ਸਮੇਂ ਤੋਂ ਪੁਲਿਸ ਤੋਂ ਬਚਦੇ ਆ ਰਹੇ ਪ੍ਰੀਤ ਬਰਾੜ ਨੂੰ 2013 ਵਿੱਚ ਮੁੰਬਈ ਏਅਰਪੋਰਟ ਤੋਂ ਪੁਲਿਸ ਨੇ ਉਸ ਸਮੇਂ ਗ੍ਰਿਫਤਾਰ ਕਰ ਲਿਆ ਸੀ, ਜਦੋਂ ਉਹ ਨੇਪਾਲ ਤੋਂ ਕਿਸੇ ਫ਼ਿਲਮ ਦੀ ਸ਼ੂਟਿੰਗ ਕਰਨ ਉਪਰੰਤ ਵਾਪਸ ਇੰਡੀਆ ਆ ਰਿਹਾ ਸੀ। ਉਸ ਤੋਂ ਬਾਅਦ ਮੋਹਾਲੀ ਪੁਲਿਸ ਉਸ ਨੂੰ ਟ੍ਰਾਂਜ਼ਿਟ ਵਾਰੰਟ 'ਤੇ ਲੈ ਕੇ ਆਈ ਸੀ ਤੇ ਇਸ ਸਮੇਂ ਉਹ ਜ਼ਮਾਨਤ 'ਤੇ ਚੱਲ ਰਿਹਾ ਸੀ। ਜ਼ਮਾਨਤ ਕਰਵਾਉਣ ਤੋਂ ਬਾਅਦ ਉਹ ਫਿਰ ਅਦਾਲਤ 'ਚੋਂ ਗੈਰ-ਹਾਜ਼ਰ ਰਹਿਣ ਲੱਗਾ। ਹੁਣ ਲੰਬੇ ਸਮੇਂ ਤੋਂ ਗੈਰ-ਹਾਜ਼ਰ ਰਹਿਣ ਕਾਰਨ ਅਦਾਲਤ ਨੇ ਉਸ ਨੂੰ ਭਗੌੜਾ ਐਲਾਨਣ ਦੀ ਕਾਰਵਾਈ ਸ਼ੁਰੂ ਕੀਤੀ ਹੋਈ ਹੈ, ਜਿਸ ਲਈ ਉਸ ਦੇ ਜ਼ਮਾਨਤੀ ਨੂੰ ਹੁਕਮ ਦਿੱਤੇ ਗਏ ਹਨ ਕਿ ਉਹ ਅਗਲੀ ਪੇਸ਼ੀ 'ਤੇ ਬਰਾੜ ਨੂੰ ਹਰ ਹਾਲ ਅਦਾਲਤ ਵਿੱਚ ਪੇਸ਼ ਕਰੇ।