ਮੁੰਬਈ: ਬਾਲੀਵੁੱਡ ਦੇ ਦੋ ਸ਼ਾਨਦਾਰ ਐਕਟਰ ਵਿਨੋਦ ਖੰਨਾ ਤੇ ਫਿਰੋਜ਼ ਖਾਨ ਦੀ ਮੌਤ 27 ਅਪ੍ਰੈਲ ਨੂੰ ਹੀ ਹੋਈ ਸੀ। ਦੋਵੇਂ ਬਹੁਤ ਚੰਗੇ ਦੋਸਤ ਸੀ। ਵਿਨੋਦ ਖੰਨਾ ਦੀ ਮੌਤ ਪਿਛਲੇ ਸਾਲ 27 ਅਪ੍ਰੈਲ ਨੂੰ ਬਲੱਡ ਕੈਂਸਰ ਕਰਕੇ ਹੋਈ ਸੀ। ਆਪਣੇ ਅੰਤਿਮ ਦਿਨਾਂ ‘ਚ ਵਿਨੋਦ ਬੇਹੱਦ ਕਮਜ਼ੋਰ ਹੋ ਗਏ ਸੀ। ਫਿਰੋਜ਼ ਖਾਨ ਤੇ ਵਿਨੋਦ ਖੰਨਾ ਦੀ ਜੋੜੀ ਸਿਨੇ ਸਕਰੀਨ ‘ਤੇ ਕਈ ਫ਼ਿਲਮਾਂ ‘ਚ ਦੇਖੀ ਹੈ। ਜਿੱਥੇ ਵਿਨੋਦ 2017 ‘ਚ ਦੁਨੀਆ ਤੋਂ ਰੁਖਸਤ ਹੋਏ, ਫਿਰੋਜ਼ ਖਾਨ 2009 ‘ਚ ਦੁਨੀਆ ਨੂੰ ਅਲਵਿਦਾ ਕਹਿ ਗਏ।
ਫਿਰੋਜ਼ ਖਾਨ ਤੇ ਵਿਨੋਦ ਫ਼ਿਲਮ ‘ਦਯਾਵਾਨ’, ‘ਕੁਰਬਾਨੀ’ ਤੇ ‘ਸ਼ੰਕਰ-ਸ਼ੰਭੂ’ ‘ਚ ਨਜ਼ਰ ਆਏ ਸੀ। 1980 ‘ਚ ਆਈ ਫ਼ਿਲਮ ਕੁਰਬਾਨੀ ਵਿਨੋਦ ਖੰਨਾ ਦੀ ਜਿੰਦਗੀ ਦੀ ਸਭ ਤੋਂ ਵੱਡੀ ਹਿੱਟ ਫ਼ਿਲਮ ਸੀ। ਇਸ ਫ਼ਿਲਮ ਨਾਲ ਵਿਨੋਦ ਨੇ ਸੰਨਿਆਸ ਲੈਣ ਤੋਂ ਬਾਅਦ ਬਾਲੀਵੁੱਡ ‘ਚ ਵਾਪਸੀ ਕੀਤੀ ਸੀ। ਇਸੇ ਫ਼ਿਲਮ ‘ਚ ਫਿਰੋਜ਼ ਖਾਨ ਨੇ ਤਿੰਨ ਰੋਲ ਡਾਇਰੈਕਟਰ, ਪ੍ਰੋਡਿਊਸਰ ਤੇ ਐਕਟਰ ਦਾ ਕੰਮ ਕੀਤਾ ਸੀ।
ਇਸੇ ਫ਼ਿਲਮ ਤੋਂ ਬਾਅਦ ਦੋਵਾਂ ਦੀ ਦੋਸਤੀ ਡੂੰਘੀ ਹੋ ਗਈ। ਵਿਨੋਦ ਖੰਨਾ ਨੂੰ ਭਾਰਤੀ ਸਿਨੇ ਜਗਤ ‘ਚ ਆਪਣੇ ਯੋਗਦਾਨ ਲਈ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਨਵਾਜਿਆ ਗਿਆ। ਉਨ੍ਹਾਂ ਨੇ ਆਪਣੇ ਕਰੀਅਰ ‘ਚ 140 ਫ਼ਿਲਮਾਂ ‘ਚ ਕੰਮ ਕੀਤਾ ਹੈ। ਵਿਨੋਦ ਖੰਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਵਿਲਨ ਵਜੋਂ ਕੀਤੀ ਸੀ, ਪਰ ਮਿਹਨਤ ਤੇ ਐਕਟਿੰਗ ਦੇ ਚੱਲਦਿਆਂ ਉਹ ਹੀਰੋ ਬਣ ਗਏ।