ਚੰਡੀਗੜ੍ਹ: ਅਨਿਲ ਕਪੂਰ ਤੇ ਐਸ਼ਵਰਿਆ ਰਾਏ ਬੱਚਨ ਦੀ ਉਡੀਕੀ ਜਾ ਰਹੀ ਫ਼ਿਲਮ ‘ਫੰਨੇ ਖਾਂ’ ਨਾਲ ਦਿਲਜੀਤ ਦੋਸਾਂਝ ਤੇ ਤਾਪਸੀ ਪਨੂੰ ਸਟਾਰਰ ਫ਼ਿਲਮ ‘ਸੂਰਮਾ’ ਬਾਕਸ-ਆਫਿਸ ‘ਤੇ ਟਕਰਾਏਗੀ। ਫ਼ਿਲਮ ਦੇ ਪ੍ਰੋਡਿਊਸਰ ਸੰਜੇ ਦੱਤ ਦੀ ਬਾਇਓਪਿਕ ‘ਸੰਜੂ’ ਨਾਲ ਆਪਣੀ ਫ਼ਿਲਮ ਰਿਲੀਜ਼ ਕਰਨ ਦੇ ਮੂਡ ‘ਚ ਨਹੀਂ ਸੀ। ਇਸ ਫ਼ਿਲਮ ਦੇ ਨਾਲ ਹੋਣ ਵਾਲੀ ਟੱਕਰ ਨੂੰ ਟਾਲਣ ਲਈ ਉਨ੍ਹਾਂ ਨੇ ਆਪਣੀ ਫ਼ਿਲਮ ਰਿਲੀਜ਼ ਡੇਟ 29 ਜੂਨ ਤੋਂ ਵਧਾ ਕੇ 13 ਜੁਲਾਈ ਕਰ ਦਿੱਤੀ ਹੈ। ਹੁਣ 13 ਨੂੰ ਰਿਲੀਜ਼ ਹੋਣ ਵਾਲੀਆਂ ਦੋਵੇਂ ਫ਼ਿਲਮਾਂ ਬਾਇਓਪਿਕ ਹਨ।

 

ਖ਼ਬਰ ਹੈ ਕਿ ਅਨਿਲ ਕਪੂਰ ਤੇ ਐਸ਼ ਦੀ ਫ਼ਿਲਮ ‘ਫੰਨੇ ਖਾਂ’ ਜੋ ਈਦ ‘ਤੇ ਰਿਲੀਜ਼ ਹੋਣ ਵਾਲੀ ਹੈ, ਉਹ ਵੀ ਅੱਗੇ ਖਿਸਕ ਸਕਦੀ ਹੈ। ਇਸ ਫ਼ਿਲਮ ਦੇ ਪ੍ਰੋਡਿਊਸਰ ਵੀ ‘ਰੇਸ-3’ ਨਾਲ ਟਕਰਾਉਣਾ ਨਹੀਂ ਚਾਹੁੰਦੇ। ਇਸੇ ਦੇ ਚੱਲਦਿਆਂ ਖਾਸ ਗੱਲ ਇਹ ਹੈ ਕਿ ‘ਫੰਨੇ ਖਾਂ’ ਦੇ ਮੇਕਰਜ਼ ਇਸ ਨੂੰ ਹੁਣ 13 ਜੁਲਾਈ ਨੂੰ ਰਿਲੀਜ਼ ਕਰਨ ਦਾ ਪਲਾਨ ਕਰ ਰਹੇ ਹਨ।



ਦਿਲਜੀਤ ਤੇ ਤਾਪਸੀ ਦੀ ਫ਼ਿਲਮ ‘ਸੂਰਮਾ’ ਇੰਡੀਅਨ ਹਾਕੀ ਪਲੇਅਰ ਸੰਦੀਪ ਸਿੰਘ ਦੀ ਜਿੰਦਗੀ ਦੀ ਕਹਾਣੀ ਹੈ। ਫ਼ਿਲਮ ‘ਚ ਸੰਦੀਪ ਦੇ ਹਾਕੀ ਨੂੰ ਲੈ ਕੇ ਜਜ਼ਬੇ ਦੀ ਕਹਾਣੀ ਦਿਖਾਈ ਗਈ ਹੈ। ਸੰਦੀਪ ਗੋਲੀ ਲੱਗਣ ਤੋਂ ਕੁਝ ਹਫਤੇ ਬਾਅਦ ਹੀ ਹਾਕੀ ਖੇਡਣ ਲੱਗ ਗਏ ਸੀ। ਫ਼ਿਲਮ ਸ਼ਾਦ ਅਲੀ ਨੇ ਡਾਇਰੈਕਟ ਕੀਤੀ ਹੈ।



ਇਸ ਤੋਂ ਇਲਾਵਾ ‘ਫੰਨੇ ਖਾਂ’ ਇਕ ਮਿਊਜ਼ਿਕਲ ਫ਼ਿਲਮ ਹੈ ਤੇ ਇੱਕ ਅਜਿਹੇ ਪਿਓ ਦੀ ਕਹਾਣੀ ਹੈ ਜੋ ਆਪਣੀ ਧੀ ਦੇ ਸੁਪਨਿਆਂ ਨੂੰ ਪੂਰਾ ਕਰਨ ‘ਚ ਉਸਦੀ ਮਦਦ ਕਰਦਾ ਹੈ। ਫ਼ਿਲਮ ਨੂੰ ਅਤੁਲ ਮਾਂਜਰੇਕਰ ਨੇ ਡਾਈਰੈਕਟ ਕੀਤਾ ਹੈ ਤੇ ਬਤੌਰ ਡਾਇਰੈਕਟਰ ਉਨ੍ਹਾਂ ਦੀ ਇਹ ਪਹਿਲੀ ਫ਼ਿਲਮ ਹੈ। ਹੁਣ ਦੇਖਣਾ ਦਿਲਚਸਪ ਹੋਵੇਗਾ ਕਿ ਬਾਕਸ-ਆਫਿਸ ‘ਤੇ ਕਿਹੜੀ ਫ਼ਿਲਮ ਆਪਣਾ ਦਮ ਦਿਖਾ ਪਾਉਂਦੀ ਹੈ।