ਮੁੰਬਈ: ਨੈੱਟਫਲਿਕਸ ਨੂੰ ਭਾਰਤ ਵਿੱਚ ਸ਼ੁਰੂ ਹੋਇਆਂ ਅਜੇ ਜ਼ਿਆਦਾ ਸਮਾਂ ਨਹੀਂ ਹੋਇਆ ਪਰ ਥੋੜ੍ਹੇ ਸਮੇਂ ਵਿੱਚ ਹੀ ਇਸ ਨੇ ਦਰਸ਼ਕਾਂ ਨੂੰ ਕਾਫੀ ਖ਼ੁਸ਼ ਕਰ ਦਿੱਤਾ ਹੈ। ਨੈੱਟਫਲਿਕਸ ਕੋਲ ਅਜੇ ਇੱਕ ਪ੍ਰੋਜੈਕਟ ਖ਼ਤਮ ਨਹੀਂ ਹੁੰਦਾ ਕਿ ਇਸ ਦਾ ਦੂਜਾ ਪ੍ਰੋਜੈਕਟ ਸ਼ੁਰੂ ਹੋ ਜਾਂਦਾ ਹੈ।
ਹਾਲ ਹੀ ਵਿੱਚ ਨੈੱਟਫਲਿਕਸ ’ਤੇ ਸੈਫ ਅਲੀ ਖਾਨ ਤੇ ਨਵਾਜ਼ੂਦੀਨ ਸਿੱਦੀਕੀ ਦੀ ਨਵੀਂ ਫ਼ਿਲਮ ‘ਸੇਕ੍ਰੇਡ ਗੇਮਜ਼’ ਦੀ ਸੀਰੀਜ਼ ਸ਼ੁਰੂ ਹੋਈ ਸੀ, ਜਿਸ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ। ਇਸ ਦੇ ਨਾਲ ਹੀ ਨੈੱਟਫਲਿਕਸ ਆਪਣਾ ਅਗਲਾ ਹੌਰਰ ਪ੍ਰੋਜੈਕਟ ‘ਘੋਲ’ ਲੈ ਕੇ ਆ ਗਿਆ ਹੈ। ਇਸ ਵਿੱਚ ਰਾਧਿਕਾ ਆਪਟੇ ਤੇ ਮਾਨਮ ਕੌਲ ਨਜ਼ਰ ਆ ਰਹੇ ਹਨ। ਇਸ ਹੌਰਰ ਸੀਰੀਜ਼ ਵਿੱਚ ਦੋਵੇਂ ਪਹਿਲੀ ਵਾਰ ਸਕਰੀਨ ਸਾਂਝੀ ਕਰ ਰਹੇ ਹਨ। ਇਸ ਸੀਰੀਜ਼ ਨੂੰ ਨੈੱਟਫਲਿਕਸ ਤਿੰਨ ਹਿੱਸਿਆਂ ਵਿੱਚ ਰਿਲੀਜ਼ ਕਰੇਗਾ।
ਜੇ ਟ੍ਰੇਲਰ ਦੀ ਗੱਲ ਕੀਤੀ ਜਾਏ ਤਾਂ ਇਸ ਦਾ ਟ੍ਰੇਲਰ ਦੇਖਣ ਬਾਅਦ ਤੁਸੀਂ ਰਾਤ ਨੂੰ ਸੌਂ ਨਹੀਂ ਸਕੋਗੇ। ਟ੍ਰੇਲਰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਇਸ ਦੀ ਕਹਾਣੀ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਵਿੱਚ ਸਫਲ ਰਹੇਗੀ। ਇਸ ਵਿੱਚ ਰਾਧਿਕਾ ਤੇ ਮਾਨਵ ਕੇਸ ਦੀ ਪੁੱਛਗਿੱਛ ਕਰਨ ਦੌਰਾਨ ਅਜਿਹੇ ਆਦਮੀ ਨਾਲ ਮਿਲਦੇ ਹਨ, ਜੋ ਇਸ ਦੁਨੀਆ ਨਾਲ ਕੋਈ ਵਾਸਤਾ ਨਹੀਂ ਰੱਖਦਾ। ਇਸ ਤੋਂ ਬਾਅਦ ਡਰ ਦਾ ਭਿਆਨਕ ਖੇਡ ਸ਼ੁਰੂ ਹੁੰਦਾ ਹੈ ਜੋ ਕਈ ਲੋਕਾਂ ਦੀ ਨੀਂਦ ਹਰਾਮ ਕਰ ਦਏਗਾ।
‘ਘੋਲ’ ਦੇ ਸਹਿ ਪ੍ਰੋਡਿਊਸਰ ਵਿਕਰਮਾਦਿਤਿਆ ਮੋਟਵਾਨੇ ਨੇ ਮੀਡੀਆ ਨੂੰ ਦੱਸਿਆ ਕਿ ਇਹ ਬਹੁਤ ਜ਼ਬਰਦਸਤ ਹੌਰਰ ਸੀਰੀਜ਼ ਹੋਏਗੀ ਜਿਸ ’ਤੇ ਉਨ੍ਹਾਂ ਨੂੰ ਮਾਣ ਹੋਏਗਾ। ਸੇਕ੍ਰੇਡ ਗੇਮਜ਼ ਤੋਂ ਬਾਅਦ ਇਹ ਉਨ੍ਹਾਂ ਦੀ ਦੂਜਾ ਕੋਲੈਬੋਰੇਸ਼ਨ ਹੋਏਗਾ। ਉਨ੍ਹਾਂ ਕਿਹਾ ਕਿ ਉਨਾਂ ਨੂੰ ਦਰਸ਼ਕਾਂ ਦੀ ਪ੍ਰਤੀਕਿਰਿਆ ਦੀ ਉਡੀਕ ਰਹੇਗੀ। ਇਸ ਦਾ ਪਹਿਲਾ ਭਾਗ 24 ਅਗਸਤ ਨੂੰ ਰਿਲੀਜ਼ ਹੋਏਗਾ।