ਮੁੰਬਈ: ਅਦਾਕਾਰਾ ਰੇਖਾ ਨੇ ਕਿਹਾ ਹੈ ਕਿ ਹਿੰਦੀ ਫ਼ਿਲਮ ਇੰਡਸਟਰੀ ਵਿੱਚ ਉਨ੍ਹਾਂ ਨੂੰ ਵੱਡੀ ਸਟਾਰ ਬਣਾਉਣ ਦਾ ਸਿਹਰਾ ਉੱਘੀ ਗਾਇਕਾ ਆਸ਼ਾ ਭੌਸਲੇ ਤੇ ਫ਼ਿਲਮਸਾਜ਼ ਯਸ਼ ਚੋਪੜਾ ਸਿਰ ਬੱਝਦਾ ਹੈ। ਰੇਖਾ ਨੇ ਇਹ ਖੁਲਾਸਾ ਪ੍ਰਸਿੱਧ ਗਾਇਕਾ ਆਸ਼ਾ ਭੌਸਲੇ ਨੂੰ 5ਵੇਂ ਯਸ਼ ਚੋਪੜਾ ਯਾਦਗਾਰੀ ਐਵਾਰਡ ਨਾਲ ਸਨਮਾਨਤ ਕਰਨ ਮੌਕੇ ਕੀਤਾ। ਭੌਸਲੇ ਨੂੰ ਇਹ ਐਵਾਰਡ ਅਦਾਕਾਰਾ ਰੇਖਾ ਨੇ ਦਿੱਤਾ।
ਰੇਖਾ ਨੇ ਆਸ਼ਾ ਭੌਸਲੇ ਨੂੰ ਐਵਾਰਡ ਦੇਣ ਤੋਂ ਪਹਿਲਾਂ ਕਿਹਾ, "ਮੈਂ ਅੱਜ ਦੋ ਲੋਕਾਂ ਯਸ਼ ਜੀ ਤੇ ਆਸ਼ਾ ਭੌਸਲੇ ਕਰਕੇ ਇੱਥੇ ਖੜ੍ਹੀ ਹਾਂ। ਆਸ਼ਾ ਜੀ ਮੇਰੀ ਜ਼ਿੰਦਗੀ ਦਾ ਹਿੱਸਾ ਹਨ। ਉਹ ਅੰਦਰੋਂ ਬਾਹਰੋਂ ਖ਼ੂਬਸੂਰਤ ਹਨ। ਮੈਂ ਮੰਗੇਸ਼ਕਰ ਪਰਿਵਾਰ, ਲਤਾਜੀ ਤੇ ਆਸ਼ਾ ਜੀ ਤੋਂ ਬਹੁਤ ਕੁਝ ਸਿੱਖਿਆ ਹੈ।"
ਰੇਖਾ ਨੇ ਕਿਹਾ, "ਸ਼ੁਰੂਆਤ ਵਿੱਚ ਮੈਂ ਉਨ੍ਹਾਂ ਤੋਂ ਡਰਦੀ ਸਾਂ ਕਿਉਂਕਿ ਉਨ੍ਹਾਂ ਦੇ ਗਾਏ ਗੀਤਾਂ ਨੂੰ ਮੈਨੂੰ ਸਕਰੀਨ ’ਤੇ ਆਪਣੀਆਂ ਅੱਖਾਂ ਨਾਲ ਜ਼ਾਹਰ ਕਰਨਾ ਪੈਂਦਾ ਸੀ। ਹਰ ਵੇਲੇ ਮੁਸਕਾਉਂਦੇ ਰਹਿਣਾ ਮੈਂ ਉਨ੍ਹਾਂ ਤੋਂ ਹੀ ਸਿੱਖਿਆ ਹੈ। ਰੱਬ ਤੁਹਾਡੀ ਉਮਰ ਲੰਮੀ ਕਰੇ।" ਆਸ਼ਾ ਤੋਂ ਪਹਿਲਾਂ ਲਤਾ ਮੰਗੇਸ਼ਕਰ, ਮੈਗਾਸਟਾਰ ਅਮਿਤਾਭ ਬੱਚਨ, ਰੇਖਾ ਤੇ ਸੁਪਰਸਟਾਰ ਸ਼ਾਹਰੁਖ਼ ਖ਼ਾਨ ਇਹ ਐਵਾਰਡ ਹਾਸਲ ਕਰ ਚੁੱਕੇ ਹਨ।