ਮੁੰਬਈ: ਭਾਰਤ ਵਿੱਚ ਪਾਕਿਸਤਾਨੀ ਕਲਾਕਾਰਾਂ 'ਤੇ ਬੈਨ ਦੇ ਮਾਮਲੇ ਵਿੱਚ ਸਲਮਾਨ ਖਾਨ ਨੇ ਬਿਆਨ ਦਿੱਤਾ ਹੈ। ਸਲਮਾਨ ਤੋਂ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, 'ਉਹ ਕਲਾਕਾਰ ਹਨ, ਕੋਈ ਅੱਤਵਾਦੀ ਨਹੀਂ। ਕਲਾਕਾਰ ਸਰਕਾਰ ਤੋਂ ਪਰਮਿਟ ਤੇ ਵੀਜ਼ਾ ਲੈ ਕੇ ਭਾਰਤ ਆਉਂਦੇ ਹਨ।'
ਉੜੀ ਹਮਲੇ ਤੇ ਭਾਰਤੀ ਕਮਾਂਡੋ ਵੱਲੋਂ ਪੀ.ਓ.ਕੇ. ਵਿੱਚ ਕੀਤੇ ਗਏ ਸਰਜੀਕਲ ਸਟ੍ਰਾਇਕ ਤੋਂ ਬਾਅਦ ਦੋਹਾਂ ਦੇਸ਼ਾਂ ਵਿੱਚ ਤਣਾਅ ਜਾਰੀ ਹੈ। ਮਹਾਰਾਸ਼ਟਰ ਨਵ ਨਿਰਮਾਨ ਸੈਨਾ ਨੇ ਪਾਕਿਸਤਾਨੀ ਕਲਾਕਾਰਾਂ ਨੂੰ ਭਾਰਤ ਛੱਡਣ ਨੂੰ ਕਿਹਾ ਸੀ। ਇੰਡੀਅਨ ਮੋਸ਼ਨ ਪਿਕਚਰਜ਼ ਐਸੋਸੀਏਸ਼ਨ ਨੇ ਵੀ ਇਨ੍ਹਾਂ ਕਲਾਕਾਰਾਂ ਨੂੰ ਬੈਨ ਕਰ ਦਿੱਤਾ ਹੈ।
ਸ਼ੁੱਕਰਵਾਰ ਨੂੰ ਇੱਕ ਪ੍ਰੋਗਰਾਮ ਦੌਰਾਨ ਸਲਮਾਨ ਤੋਂ ਪੁੱਛਿਆ ਗਿਆ ਕਿ ਕੀ ਪਾਕਿਸਤਾਨੀ ਕਲਾਕਾਰਾਂ 'ਤੇ ਬੈਨ ਲੱਗਣਾ ਚਾਹੀਦਾ ਹੈ? ਇਸ 'ਤੇ ਸਲਮਾਨ ਨੇ ਕਿਹਾ ਕਿ ਇਨ੍ਹਾਂ ਨੂੰ ਸਰਕਾਰ ਨੇ ਪਰਮਿਟ ਤੇ ਵੀਜ਼ਾ ਜਾਰੀ ਕੀਤਾ ਹੈ। ਇਹ ਲੋਕ ਤਾਂ ਕਲਾਕਾਰ ਹਨ, ਕੋਈ ਅੱਤਵਾਦੀ ਨਹੀਂ। ਇਸ ਤੋਂ ਬਾਅਦ ਸਲਮਾਨ ਤੋਂ ਪੀ.ਓ.ਕੇ. ਵਿੱਚ ਭਾਰਤੀ ਕਮਾਂਡੋ ਵੱਲੋਂ ਕੀਤੇ ਗਏ ਸਰਜੀਕਲ ਸਟ੍ਰਾਇਕ 'ਤੇ ਸਵਾਲ ਪੁੱਛਿਆ ਗਿਆ। ਇਸ 'ਤੇ ਸਲਮਾਨ ਨੇ ਕਿਹਾ ਕਿ ਅੱਤਵਾਦੀ ਸਨ ਨਾ, ਸਹੀ ਐਕਸ਼ਨ ਸੀ।
ਵੀਰਵਾਰ ਨੂੰ IMPPA ਦੀ ਸਾਲਾਨਾ ਏ.ਜੀ.ਐਮ. ਵਿੱਚ ਪਾਕਿਸਤਾਨੀ ਅਦਾਕਾਰਾ, ਸਿੰਗਰਜ਼ ਤੇ ਟੈਕਨੀਸ਼ੀਅਨਜ਼ 'ਤੇ ਬੈਨ ਲਗਾਉਣ ਦਾ ਫੈਸਲਾ ਲਿਆ ਗਿਆ। ਮੈਂਬਰਜ਼ ਇਸ ਗੱਲ 'ਤੇ ਰਾਜੀ ਸੀ ਕਿ ਜਦੋਂ ਤੱਕ ਹਾਲਾਤ ਠੀਕ ਨਹੀਂ ਹੋ ਜਾਂਦੇ, ਉਸ ਵੇਲੇ ਤੱਕ ਪਾਕਿਸਤਾਨੀ ਕਲਾਕਾਰਾਂ ਨੂੰ ਕੰਮ ਤੋਂ ਦੂਰ ਰੱਖਿਆ ਜਾਵੇ। ਦੱਸਣਯੋਗ ਹੈ ਕਿ ਬੁੱਧਵਾਰ ਰਾਤ 12.30 ਤੋਂ ਵੀਰਵਾਰ ਤੜਕੇ 4.30 ਵਜੇ ਤੱਕ ਭਾਰਤ ਦੀ ਸਪੈਸ਼ਲ ਕਮਾਂਡੋ ਫੋਰਸ ਨੇ ਪੀ.ਓ.ਕੇ. ਵਿੱਚ ਆਪਰੇਸ਼ਨ ਕੀਤਾ। ਇਸ ਵਿੱਚ 38 ਅੱਤਵਾਦੀ ਤੇ ਪਾਕਿ ਸੈਨਾ ਦੇ 2 ਜਵਾਨ ਮਾਰੇ ਗਏ ਸਨ।