Salman Khan House Firing Case: ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੇ ਘਰ ਬਾਹਰ ਗੋਲੀਬਾਰੀ ਮਾਮਲੇ 'ਚ ਵੱਡਾ ਅਪਡੇਟ ਸਾਹਮਣੇ ਆਇਆ ਹੈ। ਮੁੰਬਈ ਪੁਲਿਸ ਨੂੰ ਇਸ ਮਾਮਲੇ ਵਿੱਚ ਵੱਡੇ ਸਬੂਤ ਮਿਲੇ ਹਨ। ਮਿਲੀ ਜਾਣਕਾਰੀ ਮੁਤਾਬਕ ਮੁੰਬਈ ਕ੍ਰਾਈਮ ਬ੍ਰਾਂਚ ਨੇ ਸੂਰਤ ਦੇ ਤਾਪੀ ਨਦੀ 'ਚੋਂ ਇਕ ਬੰਦੂਕ ਅਤੇ ਕੁਝ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਮੁੰਬਈ ਪੁਲਿਸ ਦੇ ਹੱਥ ਜੋ ਬੰਦੂਕ ਅਤੇ ਕਾਰਤੂਸ ਮਿਲੇ ਹਨ, ਉਹ ਉਹੀ ਬੰਦੂਕ ਅਤੇ ਕਾਰਤੂਸ ਹਨ ਜੋ ਸਲਮਾਨ ਖਾਨ ਦੇ ਘਰ ਬਾਹਰ ਹੋਈ ਗੋਲੀਬਾਰੀ ਵਿੱਚ ਵਰਤੇ ਗਏ ਸਨ। ਮੁੰਬਈ ਪੁਲਿਸ ਇਕ ਦੋਸ਼ੀ ਵਿੱਕੀ ਗੁਪਤਾ ਨੂੰ ਬੰਦੂਕ ਦੀ ਭਾਲ ਲਈ ਤਾਪੀ ਨਦੀ 'ਤੇ ਲੈ ਗਈ ਸੀ। ਹੁਣ ਪੁਲਿਸ ਇਸ ਮਾਮਲੇ 'ਚ ਦੋਸ਼ੀਆਂ ਖਿਲਾਫ ਹੋਰ ਧਾਰਾਵਾਂ ਜੋੜ ਸਕਦੀ ਹੈ। ਫਿਲਹਾਲ ਪੁਲਿਸ ਦੂਜੀ ਬੰਦੂਕ ਦੀ ਭਾਲ 'ਚ ਲੱਗੀ ਹੋਈ ਹੈ।
10 ਤੋਂ ਵੱਧ ਲੋਕਾਂ ਦੇ ਬਿਆਨ ਲੈ ਚੁੱਕੀ ਹੈ ਪੁਲਿਸ
ਏਐਨਆਈ ਦੀ ਰਿਪੋਰਟ ਮੁਤਾਬਕ ਮੁੰਬਈ ਕ੍ਰਾਈਮ ਬ੍ਰਾਂਚ ਨੇ ਕਿਹਾ ਹੈ ਕਿ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ਦੇ ਬਾਹਰ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਉਨ੍ਹਾਂ ਨੇ 10 ਤੋਂ ਵੱਧ ਲੋਕਾਂ ਦੇ ਬਿਆਨ ਦਰਜ ਕੀਤੇ ਹਨ ਅਤੇ ਹੋਰਾਂ ਦੇ ਬਿਆਨ ਲਏ ਜਾਣੇ ਬਾਕੀ ਹਨ।
ਗੈਂਗਸਟਰ ਲਾਰੇਂਸ ਬਿਸ਼ਨੋਈ ਅਤੇ ਉਸਦੇ ਭਰਾ ਨੂੰ ਪੁਲਿਸ ਨੇ ਦੋਸ਼ੀ ਬਣਾਇਆ
ਦੱਸ ਦੇਈਏ ਕਿ ਸ਼ਨੀਵਾਰ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਨੇ ਗੈਂਗਸਟਰ ਲਾਰੇਂਸ ਬਿਸ਼ਨੋਈ ਅਤੇ ਉਸ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਨੂੰ ਸਲਮਾਨ ਖਾਨ ਦੇ ਘਰ ਗੋਲੀਬਾਰੀ ਮਾਮਲੇ 'ਚ ਦੋਸ਼ੀ ਬਣਾਇਆ ਸੀ। ਪੁਲਿਸ ਨੇ ਕਿਹਾ ਸੀ ਕਿ ਉਹ ਲਾਰੇਂਸ ਦੀ ਹਿਰਾਸਤ ਦੀ ਮੰਗ ਕਰ ਸਕਦੀ ਹੈ, ਜੋ ਪਹਿਲਾਂ ਹੀ ਗੁਜਰਾਤ ਦੀ ਜੇਲ੍ਹ ਵਿੱਚ ਬੰਦ ਹੈ।
ਜਾਣੋ ਕੀ ਹੈ ਸਾਰਾ ਮਾਮਲਾ
14 ਅਪ੍ਰੈਲ ਨੂੰ ਦੋ ਬਾਈਕ ਸਵਾਰਾਂ ਨੇ ਗਲੈਕਸੀ ਅਪਾਰਟਮੈਂਟ ਦੇ ਬਾਹਰ ਸਲਮਾਨ ਖਾਨ 'ਤੇ 5 ਰਾਊਂਡ ਫਾਇਰ ਕੀਤੇ ਅਤੇ ਫਰਾਰ ਹੋ ਗਏ। ਪੁਲਿਸ ਨੂੰ ਵਾਰਦਾਤ ਵਾਲੀ ਥਾਂ ਤੋਂ ਕੁਝ ਦੂਰੀ ’ਤੇ ਵਾਰਦਾਤ ’ਚ ਵਰਤੀ ਗਈ ਬਾਈਕ ਬਰਾਮਦ ਹੋਈ ਸੀ। ਦੋ ਦਿਨ ਬਾਅਦ, ਮੁੰਬਈ ਪੁਲਿਸ ਨੇ ਦੋਵਾਂ ਬਾਈਕ ਸਵਾਰਾਂ ਨੂੰ ਕੱਛ, ਗੁਜਰਾਤ ਤੋਂ ਗ੍ਰਿਫਤਾਰ ਕੀਤਾ।