ਬੰਗਲੌਰ: ਸਿਆਸਤਦਾਨਾਂ ਤੇ ਮੀਡੀਆ ਮਾਲਕਾਂ ਦਰਮਿਆਨ ਗੰਢਤੁਪ ਦੇ ਮੁੱਦੇ ’ਤੇ 1986 ਵਿੱਚ ਆਈ ਫਿਲਮ ‘ਨਿਊ ਦੇਹਲੀ ਟਾਈਮਜ਼’ ਵਿੱਚ ਕੰਮ ਕਰਨ ਬਦਲੇ ਅਦਾਕਾਰ ਸ਼ਸ਼ੀ ਕਪੂਰ ਨੇ ਮਹਿਜ਼ 101 ਰੁਪਏ ਲਏ ਸਨ। ਇਸ ਫਿਲਮ ਵਿੱਚ ਇਮਾਨਦਾਰ ਪੱਤਰਕਾਰ ਦੀ ਭੂਮਿਕਾ ਨਿਭਾਉਣ ਬਦਲੇ ਸ਼ਸ਼ੀ ਕਪੂਰ ਬਿਹਤਰੀਨ ਅਦਾਕਾਰੀ ਲਈ ਕੌਮੀ ਪੁਰਸਕਾਰ ਮਿਲਿਆ ਸੀ।

ਆਪਣੇ ਵੇਲਿਆਂ ਦੇ ਕਮਰਸ਼ੀਅਲ ਸਿਨਮਾ ਦੇ ਸੁਪਰਸਟਾਰ ਸ਼ਸ਼ੀ ਕਪੂਰ ਉਨ੍ਹਾਂ ਗਿਣੇ ਚੁਣੇ ਅਦਾਕਾਰਾਂ ’ਚੋਂ ਸਨ ਜਿਨ੍ਹਾਂ ਫਿਲਮਸਾਜ਼ ਤੇ ਅਦਾਕਾਰ ਦੇ ਨਾਤੇ ਕਲਾ ਸਿਨਮਾ ਨੂੰ ਖੂਬ ਥਾਪੜਾ ਦਿੱਤਾ ਸੀ। ਫਿਲਮ ਦੇ ਨਿਰਦੇਸ਼ਕ ਰਮੇਸ਼ ਸ਼ਰਮਾ ਨੇ 10ਵੇਂ ਬਿਫੀਜ਼ ਸਮਾਰੋਹ ਮੌਕੇ ਬਾਲੀਵੁਡ ਦੇ ਇਸ ਅਜ਼ੀਮ ਅਦਾਕਾਰ ਨੂੰ ਅਕੀਦਤ ਦੇਣ ਲਈ ਇਸ ’ਤੇ ਡਰਾਮਾ ਪੇਸ਼ ਕੀਤਾ। ਸ਼ਸ਼ੀ ਕਪੂਰ ਦਾ ਪਿਛਲੇ ਸਾਲ 79 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ।

ਉਨ੍ਹਾਂ ਦੱਸਿਆ, ‘‘ਮੈਂ ਜਦੋਂ ਸ਼ਸ਼ੀ ਕਪੂਰ ਨੂੰ ਮਿਲਣ ਗਿਆ ਤਾਂ ਉਹ ਮੈਨੂੰ ਬੰਬਈ ਦੇ ਗੋਲਡਨ ਡਰੈਗਨ ਰੈਸਤਰਾਂ ਵਿੱਚ ਡਿਨਰ ਲਈ ਲੈ ਗਏ। ਮੈਂ ਉਨ੍ਹਾਂ ਨੂੰ ਫਿਲਮ ਦੀ ਕਹਾਣੀ ਸੁਣਾਈ ਤੇ ਫਰਮਾਇਸ਼ ਕੀਤੀ ਕਿ ਉਹ ਫਿਲਮ ਦਾ ਮੁੱਖ ਕਿਰਦਾਰ ਨਿਭਾਉਣ।’’ ਉਨ੍ਹਾਂ ਮੋੜਵਾਂ ਸਵਾਲ ਕੀਤਾ ‘‘ ਤੁਹਾਡੀ ਜੇਬ ਵਿੱਚ ਕਿੰਨੇ ਪੈਸੇ ਹਨ ਤਾਂ ਮੈਂ ਸੋਚਿਆ ਕਿ ਉਹ ਬਿੱਲ ਚੁਕਤਾ ਕਰਨ ਲਈ ਪੁੱਛ ਰਹੇ ਹਨ। ਮੈਂ ਕਿਹਾ ‘ਮੇਰੇ ਕੋਲ ਹਜ਼ਾਰ ਰੁਪਏ ਹਨ।’ ਇਸ ’ਤੇ ਕਪੂਰ ਨੇ ਕਿਹਾ ‘‘ 100 ਰੁਪਏ ਕੱਢੋ। ਇਹ ਰਹੀ ਕਰਾਰਨਾਮਾ ਫੀਸ। ਮੈਂ ਤੁਹਾਡੀ ਫਿਲਮ ਵਿੱਚ ਕੰਮ ਕਰ ਰਿਹਾ ਹਾਂ।