ਨਵੀਂ ਦਿੱਲੀ: ਸ਼੍ਰੀਦੇਵੀ ਦੀ ਮੌਤ 'ਤੇ ਦੁਬਈ ਦੀ ਰਿਪੋਰਟ 'ਤੇ ਸੀਨੀਅਰ ਪੱਤਰਕਾਰ ਐਸ ਬਾਲਾਕ੍ਰਿਸ਼ਨਨ ਨੇ ਸਵਾਲ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਣਵੀਸ ਨੂੰ ਪੱਤਰ ਲਿਖ ਕੇ ਸ਼੍ਰੀਦੇਵੀ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਉਨ੍ਹਾਂ ਦਾ ਮੁੜ ਪੋਸਟਮਾਰਟਮ ਕਰਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਬਾਥਟਬ ਦੀ ਡੂੰਘਾਈ ਸਿਰਫ ਤਿੰਨ ਫੁੱਟ ਹੁੰਦੀ ਹੈ। ਅਜਿਹੇ ਵਿੱਚ ਕੋਈ ਸਿਰਫ ਤਿੰਨ ਫੁੱਟ ਵਿੱਚ ਕਿਵੇਂ ਡੁੱਬ ਸਕਦਾ ਹੈ। ਸ਼੍ਰੀਦੇਵੀ ਦੇ ਸ਼ਰੀਰ ਵਿੱਚ ਅਲਕੋਹਲ ਬਹੁਤ ਘੱਟ ਪਾਇਆ ਗਿਆ ਹੈ।
ਬਾਲਾਕ੍ਰਿਸ਼ਨਨ ਨੇ ਕਿਹਾ ਹੈ ਕਿ ਇਹ ਸਾਫ ਹੈ ਕਿ ਇਹ ਕੁਦਰਤੀ ਮੌਤ ਨਹੀਂ। ਇਸ ਪਿੱਛੇ ਕੋਈ ਸਾਜ਼ਿਸ਼ ਹੈ। ਹਾਰਟ ਅਟੈਕ ਦੀ ਗੱਲ ਹੋਈ ਤਾਂ ਸਾਰੇ ਲੋਕ ਮੰਨ ਗਏ। ਹਾਰਟ ਅਟੈਕ ਵਾਲੀ ਗੱਲ ਸਾਹਮਣੇ ਕਿਸ ਨੇ ਲਿਆਂਦੀ? ਕਿਤੇ ਸੱਚ ਨੂੰ ਲੁਕਾਉਣ ਦੀ ਸਾਜ਼ਿਸ਼ ਤਾਂ ਨਹੀਂ ਹੋ ਰਹੀ। ਇਹ ਐਕਸੀਡੈਂਟ ਹੈ ਜਾਂ ਮਰਡਰ? ਇਹ ਪਤਾ ਕਰਨਾ ਪੁਲਿਸ ਦਾ ਕੰਮ ਹੈ।
ਉਨ੍ਹਾਂ ਕਿਹਾ ਕਿ ਸੀਸੀਟੀਵੀ ਦਾ ਕੋਈ ਜ਼ਿਕਰ ਹੀ ਨਹੀਂ। ਇੱਕ-ਦੋ ਘੰਟੇ ਪਹਿਲਾਂ ਉਨ੍ਹਾਂ ਦੇ ਕਮਰੇ ਵਿੱਚ ਕੌਣ ਆਇਆ, ਕੌਣ ਨਹੀਂ, ਇਸ ਬਾਰੇ ਕੋਈ ਜਾਣਕਾਰੀ ਹੀ ਨਹੀਂ। ਇਹ ਸਾਰਾ ਕੁਝ ਸ਼ੱਕ ਪੈਦਾ ਕਰਦਾ ਹੈ। ਦੁਬਈ ਪੁਲਿਸ ਦੀ ਜਾਂਚ 'ਤੇ ਵੀ ਸਵਾਲ ਖੜ੍ਹੇ ਹੁੰਦੇ ਹਨ। ਇਹ ਗੰਭੀਰ ਮਸਲਾ ਹੈ।