ਨਵੀਂ ਦਿੱਲੀ: ਸੋਸ਼ਲ ਮੀਡੀਆ 'ਤੇ ਰੋਜ਼ਾਨਾ ਕਈ ਫੋਟੋਆਂ, ਵੀਡੀਓ ਤੇ ਮੈਸੇਜ ਵਾਇਰਲ ਹੁੰਦੇ ਹਨ। ਵਾਇਰਲ ਹੋ ਰਹੇ ਇਨ੍ਹਾਂ ਫੋਟੋ, ਵੀਡੀਓ ਤੇ ਮੈਸੇਜ ਰਾਹੀਂ ਕਈ ਹੈਰਾਨ ਕਰਨ ਵਾਲੇ ਦਾਅਵੇ ਵੀ ਕੀਤੇ ਜਾਂਦੇ ਹਨ। ਅਜਿਹਾ ਹੀ ਇੱਕ ਦਾਅਵਾ ਅੱਜ-ਕੱਲ੍ਹ ਸਨਸਨੀ ਫੈਲਾ ਰਿਹਾ ਹੈ।

ਇਸ ਦਾਅਵੇ ਮੁਤਾਬਕ ਸ਼੍ਰੀਦੇਵੀ ਨੇ ਨੱਕ ਤੋਂ ਲੈ ਕੇ ਬੁੱਲਾਂ ਤੱਕ ਕਈ ਤਰ੍ਹਾਂ ਦੀ ਸਰਜਰੀ ਕਰਵਾਈ ਸੀ। ਅਜਿਹੀਆਂ ਹੀ 29 ਸਰਜਰੀਆਂ ਨੂੰ ਸ਼੍ਰੀਦੇਵੀ ਦੀ ਮੌਤ ਦਾ ਕਾਰਨ ਦੱਸਿਆ ਜਾ ਰਿਹਾ ਹੈ। ਦਾਅਵਾ ਹੈ ਕਿ ਸਰਜਨੀ ਕਾਰਨ ਹੀ ਸ਼੍ਰੀਦੇਵੀ ਨੂੰ ਹਾਰਟ ਅਟੈਕ ਆਇਆ ਤੇ ਉਨ੍ਹਾਂ ਦੀ ਮੌਤ ਹੋ ਗਈ। ਚਰਚਾ ਦਾ ਦੌਰ ਸਿਰਫ ਇੱਥੇ ਤੱਕ ਹੀ ਨਹੀਂ ਰਿਹਾ। ਸ਼੍ਰੀਦੇਵੀ ਦੇ ਬੁੱਲਾਂ ਦੀ ਸਰਜਰੀ ਤੋਂ ਬਾਅਦ ਇੱਕ ਹੋਰ ਦਾਅਵਾ ਕੀਤਾ ਗਿਆ ਕਿ ਸਰਜਰੀ ਨੂੰ ਠੀਕ ਕਰਨ ਲਈ ਸ਼੍ਰੀਦੇਵੀ ਦਵਾਈਆਂ ਖਾ ਰਹੀ ਸੀ।

ਇਸ ਦਾਅਵੇ ਦੀ ਪੜਤਾਲ ਲਈ 'ਏਬੀਪੀ ਨਿਊਜ਼' ਨੇ ਮੈਟਰੋ ਹਸਪਤਾਲ ਦੀ ਕਾਸਮੈਟਿਕ ਸਰਜਨ ਡਾ. ਰਿਚਾ ਕੁਮਾਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੱਸਿਆ ਕਿ ਕਾਸਮੈਟਿਕ ਸਰਜਰੀ ਦੇ ਸਾਈਡ ਇਫੈਕਟ ਸ਼ਰੀਰ 'ਤੇ ਬੜੇ ਘੱਟ ਵਕਤ ਲਈ ਹੁੰਦੇ ਹਨ। ਬੌਡੀ ਸ਼ੇਪਿੰਗ ਦਾ ਅਸਰ ਹਫਤੇ ਵਿੱਚ ਪਤਾ ਲੱਗ ਜਾਂਦਾ ਹੈ। ਇਸ ਦਾ ਕੋਈ ਖਾਸ ਮਾੜਾ ਅਸਰ ਨਹੀਂ ਹੁੰਦਾ। ਸਰਜਰੀ ਵਿੱਚ ਲੋਕਲ ਐਨਸਥੀਸੀਆ ਦਾ ਇਸਤੇਮਾਲ ਹੁੰਦਾ ਹੈ ਜਿਸ ਦਾ ਸਰੀਰ 'ਤੇ ਕੋਈ ਅਸਰ ਨਹੀਂ ਹੁੰਦਾ, ਇਸ ਨਾਲ ਅਟੈਕ ਤਾਂ ਹੋ ਹੀ ਨਹੀਂ ਸਕਦਾ।

ਬੀਐਲਕੇ ਹਸਪਤਾਲ ਦੇ ਕਾਸਮੈਟਿਕ ਸਰਜਨ ਡਾ. ਏਐਸਨਾਥ ਨੇ ਵੀ ਦੱਸਿਆ ਕਿ ਸਰਜਰੀ ਨਾਲ ਹਾਰਟ ਅਟੈਕ ਦਾ ਕੋਈ ਖਤਰਾ ਨਹੀਂ ਹੁੰਦਾ। ਜਿਹੜੇ ਫਿੱਟ ਹੁੰਦੇ ਹਨ ਉਨ੍ਹਾਂ ਦੀ ਹੀ ਸਰਜਰੀ ਕੀਤੀ ਜਾਂਦੀ ਹੈ। ਪੜਤਾਲ ਤੋਂ ਬਾਅਦ ਕਾਸਮੈਟਿਕ ਸਰਜਰੀ ਕਾਰਨ ਹਾਰਟ ਅਟੈਕ ਤੇ ਫਿਰ ਸ਼੍ਰੀਦੇਵੀ ਦੀ ਮੌਤ ਦਾ ਦਾਅਵਾ ਝੂਠਾ ਸਾਬਤ ਹੋਇਆ।