ਨਵੀਂ ਦਿੱਲੀ-ਬਾਲੀਵੁੱਡ ਅਦਾਕਾਰਾ ਸ੍ਰੀਦੇਵੀ ਦੇ ਅਕਾਲ ਚਲਾਣੇ ਦਾ ਦੇਸ਼ ਹੀ ਨਹੀਂ ਸਗੋਂ ਸਰਹੱਦ ਪਾਰ ਵੀ ਸੋਗ ਮਨਾਇਆ ਜਾ ਰਿਹਾ ਹੈ। ਪਾਕਿਸਤਾਨ ’ਚ ਕਈ ਅਦਾਕਾਰਾਂ ਨੇ ਸ੍ਰੀਦੇਵੀ ਦੀ ਮੌਤ ’ਤੇ ਅਫ਼ਸੋਸ ਜ਼ਾਹਰ ਕਰਦਿਆਂ ਪਰਿਵਾਰ ਨਾਲ ਆਪਣੀ ਹਮਦਰਦੀ ਜ਼ਾਹਰ ਕੀਤੀ ਹੈ।
ਗਾਇਕ ਰਾਹਤ ਫਤਿਹ ਅਲੀ ਖ਼ਾਨ, ਅਦਾਕਾਰਾ ਮਾਹਿਰਾ ਖ਼ਾਨ ਅਤੇ ਅਦਾਕਾਰ ਤੇ ਗਾਇਕ ਅਲੀ ਜ਼ਫ਼ਰ ਨੇ ਸ੍ਰੀਦੇਵੀ ਦੀ ਮੌਤ ’ਤੇ ਅਫ਼ਸੋਸ ਜਤਾਇਆ ਹੈ।
ਮਾਹਿਰਾ ਖ਼ਾਨ ਨੇ ਟਵਿਟਰ ’ਤੇ ਕਿਹਾ ਕਿ ਉਹ ਸ੍ਰੀਦੇਵੀ ਦੀਆਂ ਫਿਲਮਾਂ ਦੇਖ ਕੇ ਵੱਡੀ ਹੋਈ ਅਤੇ ਜ਼ਿਹਨ ’ਚ ਉਹ ਹਮੇਸ਼ਾ ਜਿਊਂਦੇ ਰਹਿਣਗੇ।
ਰਾਹਤ ਫਤਿਹ ਅਲੀ ਖ਼ਾਨ ਨੇ ਬੋਨੀ ਕਪੂਰ ਅਤੇ ਕਪੂਰ ਖ਼ਾਨਦਾਨ ਨਾਲ ਅਫ਼ਸੋਸ ਜਤਾਉਂਦਿਆਂ ਕਿਹਾ ਕਿ ਸ੍ਰੀਦੇਵੀ ਵਰਗੀ ਮਹਾਨ ਨਾਇਕਾ ਨੂੰ ਗੁਆਉਣ ਦਾ ਡੂੰਘਾ ਅਫ਼ਸੋਸ ਹੈ। ਅਦਾਕਾਰ ਅਤੇ ਗਾਇਕ ਅਲੀ ਜ਼ਫ਼ਰ ਨੇ ਟਵੀਟ ਕਰਕੇ ਕਿਹਾ ਕਿ ਸ੍ਰੀਦੇਵੀ ਆਪਣੇ ਖੁਸ਼ੀ ਅਤੇ ਹੰਝੂਆਂ ਦੇ ਲਮਹੇ ਨਾਲ ਸਾਰਿਆਂ ਨੂੰ ਅਲਵਿਦਾ ਆਖ ਗਏ ਹਨ।