ਨਵੀਂ ਦਿੱਲੀ: ਆਪਣੇ ਦੌਰੇ ਵਿੱਚ ਸ਼੍ਰੀਦੇਵੀ ਦੀ ਸਭ ਤੋਂ ਵੱਡੀ ਕੰਪੀਟੀਟਰ ਜਯਾ ਪ੍ਰਦਾ ਨੂੰ ਜਦ ਸ਼੍ਰੀਦੇਵੀ ਦੀ ਮੌਤ ਦੀ ਖਬਰ ਮਿਲੀ ਤਾਂ ਉਨ੍ਹਾਂ ਨੂੰ ਸਦਮਾ ਲੱਗਿਆ। ਇਸ ਬਾਰੇ ਜਯਾ ਪ੍ਰਦਾ ਨੇ ਕਿਹਾ ਸਾਡੇ ਵਿਚਾਲੇ ਚੰਗੇ ਸਬੰਧ ਸਨ। ਸ਼੍ਰੀਦੇਵੀ ਦੀ ਇਹ ਇੱਛਾ ਸੀ ਕਿ ਉਹ ਆਪਣੀ ਵੱਡੀ ਕੁੜੀ ਨੂੰ ਵੱਡੇ ਪਰਦੇ 'ਤੇ ਵੇਖੇ। ਫਿਲਮ ਦੀ ਸ਼ੂਟਿੰਗ ਵੀ ਚੱਲ ਰਹੀ ਹੈ ਪਰ ਸ਼੍ਰੀਦੇਵੀ ਇਸ ਦੁਨੀਆ ਵਿੱਚ ਨਹੀਂ। ਜਾਹਨਵੀ ਇਸੇ ਫਿਲਮ ਦੀ ਸ਼ੂਟਿੰਗ ਕਰਕੇ ਵਿਆਹ ਵਿੱਚ ਸ਼ਾਮਲ ਹੋਣ ਦੁਬਈ ਵੀ ਨਹੀਂ ਗਈ ਸੀ।

ਆਪਣੇ ਦੌਰ ਦੀਆਂ ਇਨਾਂ ਦੋਹਾਂ ਹਿੱਟ ਹੀਰੋਇਨਾਂ ਦੇ ਕੋਲਡ ਵਾਰ ਦੀਆਂ ਖਬਰਾਂ ਸੁਰਖੀਆਂ ਬਣਦੀਆਂ ਸਨ। ਦੋਵੇਂ ਨੰਬਰ ਇੱਕ ਹੋਣਾ ਚਾਹੁੰਦੀਆਂ ਸਨ। ਇਸ ਦੌਰਾਨ ਦੋਹਾਂ ਨੇ ਕੁਝ ਫਿਲਮਾਂ ਵਿੱਚ ਇਕੱਠੇ ਕੰਮ ਵੀ ਕੀਤਾ ਸੀ।

ਜਯਾ ਪ੍ਰਦਾ ਨੇ ਕਿਹਾ ਕਿ ਸ਼੍ਰੀਦੇਵੀ ਇੱਕ ਮਹਾਨ ਇਨਸਾਨ ਸੀ। ਇੱਕ ਚੰਗੀ ਡਾਂਸਰ ਵੀ ਸੀ। ਇੱਕ ਸ਼ਾਨਦਾਰ ਅਦਾਕਾਰਾ ਤੇ ਇਸ ਤੋਂ ਉੱਪਰ ਇੱਕ ਚੰਗੀ ਮਾਂ। ਉਨ੍ਹਾਂ ਨੂੰ ਲੋਕ ਹਮੇਸ਼ਾ ਸੁਫਨੇ ਦੀ ਰਾਣੀ ਵਾਂਗ ਯਾਦ ਰੱਖਣਗੇ। ਜਯਾ ਪ੍ਰਦਾ ਨੇ ਕਿਹਾ ਕਿ ਮੈਂ ਉਨ੍ਹਾਂ ਨਾਲ ਕਈ ਫਿਲਮਾਂ ਵਿੱਚ ਕੰਮ ਕੀਤਾ ਸੀ। ਅਸੀਂ ਅਕਸਰ ਇੱਕ-ਦੂਜੇ ਦੀ ਤਾਰੀਫ ਕਰਦੇ ਸੀ।

ਸ਼੍ਰੀਦੇਵੀ ਦੀ ਤਾਰੀਫ ਕਰਦੇ ਹੋਏ ਜਯਾ ਨੇ ਕਿਹਾ ਕਿ ਉਹ ਬੜੀ ਅਨੁਸ਼ਾਸਿਤ ਔਰਤ ਸੀ। ਜਦੋਂ ਮੇਰੇ ਮੁੰਡੇ ਦਾ ਵਿਆਹ ਸੀ ਤਾਂ ਮੈਂ ਆਪ ਉਨ੍ਹਾਂ ਨੂੰ ਸੱਦਾ ਦੇਣ ਗਈ ਸੀ ਤੇ ਉਹ ਪੂਰੇ ਪਰਿਵਾਰ ਨਾਲ ਵਿਆਹ ਵਿੱਚ ਸ਼ਾਮਲ ਵੀ ਹੋਈ ਸੀ। ਉਨ੍ਹਾਂ ਕਿਹਾ ਕਿ ਮੈਂ ਕਦੇ ਸੋਚਿਆ ਨਹੀਂ ਸੀ ਕਿ ਇੰਨਾ ਮੁਸਕੁਰਾਉਣ ਵਾਲਾ ਚਿਹਰਾ ਇੰਨੀ ਜਲਦੀ ਖਾਮੋਸ਼ ਹੋ ਜਾਵੇਗਾ।