ਮੁੰਬਈ- ਅਦਾਕਾਰਾ ਜੂਹੀ ਚਾਵਲਾ ਨੇ ਮੋਬਾਈਲ ਫ਼ੋਨ ਦੀ 5ਜੀ ਤਕਨੀਕ ਨੂੰ ਲੈ ਕੇ ਫਿਕਰਮੰਦੀ ਜਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ 'ਤੇ ਰੇਡੀਓਫ੍ਰੀਕਿਵੈਂਸੀ ਦੇ ਸੰਭਾਵੀ ਹਾਨੀਕਾਰਕ ਪ੍ਰਭਾਵਾਂ ਦਾ ਵਿਸ਼ਲੇਸ਼ਣ ਕੀਤੇ ਬਿਨਾਂ ਇਸ ਨੂੰ ਲਾਗੂ ਨਹੀਂ ਕਰਨਾ ਚਾਹੀਦਾ। ਜੂਹੀ ਰੇਡੀਏਸ਼ਨ ਪ੍ਰਤੀ ਜਾਗਰੂਕਤਾ ਲਿਆਉਣ ਦਾ ਕੰਮ ਕਰ ਰਹੀ ਹੈ।
ਕੇਂਦਰ ਸਰਕਾਰ ਡਿਜੀਟਲ ਇੰਡੀਆ ਦੇ ਉਦੇਸ਼ ਨੂੰ ਹਾਸਲ ਕਰਨ ਲਈ 5ਜੀ ਲਾਗੂ ਕਰਨ ਜਾ ਰਹੀ ਹੈ। ਇਸ ਦੇ ਚਲਦਿਆਂ ਜੂਹੀ ਚਾਵਲਾ ਨੇ ਪੁੱਛਿਆ ਕਿ ਇਸ ਨਵੀਂ ਤਕਨੀਕ 'ਤੇ ਕੀ ਜ਼ਰੂਰੀ ਸੋਧ ਕੀਤੀ ਗਈ ਹੈ?
ਅਭਿਨੇਤਰੀ ਨੇ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਪੱਤਰ ਲਿਖਿਆ ਹੈ ਅਤੇ ਮੋਬਾਈਲ ਟਾਵਰ, ਐਨਟੀਨਾ ਤੇ ਵਾਈਫ਼ਾਈ ਹਾਟਸਪਾਟ ਤੋਂ ਨਿਕਲਣ ਵਾਲੀਆਂ ਇਲੈਕਟ੍ਰੋਮੈਗਨੈਟਿਕ ਕਿਰਨਾਂ ਦੇ ਕਾਰਨ ਸਿਹਤ ਨੂੰ ਪਹੁੰਚਣ ਵਾਲੇ ਨੁਕਸਾਨ ਦੇ ਪ੍ਰਤੀ ਯਾਦ ਕਰਵਾਇਆ ਹੈ।
ਪੱਤਰ 'ਚ 50 ਸਾਲਾ ਅਭਿਨੇਤਰੀ ਨੇ ਲਿਖਿਆ ਕਿ ਰਾਸ਼ਟਰੀ, ਅੰਤਰਰਾਸ਼ਟਰੀ ਪੱਧਰ ਦੇ ਕਈ ਵਿਗਿਆਨਕਾਂ, ਮਹਾਂਮਾਰੀ ਵਿਸ਼ਲੇਸ਼ਕਾਂ ਅਤੇ ਤਕਨਾਲੌਜੀ ਦੇ ਮਾਹਿਰਾਂ ਨੇ ਮਨੁੱਖੀ ਸਿਹਤ 'ਤੇ ਰੇਡੀਓਫ੍ਰੀਕਿਵੈਂਸੀ ਕਿਰਨਾਂ ਦੇ ਹਾਨੀਕਾਰਕ ਪ੍ਰਭਾਵਾਂ ਦਾ ਜ਼ਿਕਰ ਕੀਤਾ ਹੈ। ਜੂਹੀ ਚਾਵਲਾ ਵਾਤਾਵਰਨ ਦੇ ਪ੍ਰਤੀ ਜਾਗਰੂਕਤਾ ਲਿਆਉਣ ਲਈ 'ਸੀਟੀਜ਼ਨਸ ਫ਼ਾਰ ਟੂਮਾਰੋ' ਮੁਹਿੰਮ ਚਲਾ ਰਹੀ ਹੈ।